ਵਿਦੇਸ਼ਾਂ ‘ਚੋਂ ਪਰਤੇ ਐੱਨ.ਆਰ.ਆਈਜ਼ ‘ਤੇ ਪਾਇਆ ਜਾ ਰਿਹੈ ਕੋਰੋਨਾਵਾਇਰਸ ਦੀ ਬਿਮਾਰੀ ਦਾ ਦੋਸ਼

670
Share

ਨਵੀਂ ਦਿੱਲੀ, 1 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੀ ਬਿਮਾਰੀ ਨੇ ਪੂਰੇ ਵਿਸ਼ਵ ਵਿਚ ਦਹਿਸ਼ਤ ਮਚਾਈ ਹੋਈ ਹੈ। ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣੀ ਜਾਰੀ ਹੈ। ਪਰ ਸੋਸ਼ਲ ਮੀਡੀਆ ਅਤੇ ਕਈ ਟੀ.ਵੀ. ਚੈਨਲਾਂ ‘ਤੇ ਐੱਨ.ਆਰ.ਆਈਜ਼ ਪ੍ਰਤੀ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪੰਜਾਬ ‘ਚ ਜਿਹੜੇ ਕੋਰੋਨਾ ਪ੍ਰਭਾਵਿਤ ਮਰੀਜ਼ ਸਾਹਮਣੇ ਆ ਰਹੇ ਹਨ, ਉਸ ਦਾ ਸਾਰਾ ਦੋਸ਼ ਵਿਦੇਸ਼ਾਂ ‘ਚੋਂ ਪਰਤੇ ਐੱਨ.ਆਰ.ਆਈਜ਼ ‘ਤੇ ਲਗਾਇਆ ਜਾ ਰਿਹਾ ਹੈ। ਦੇਸ਼ਾਂ-ਵਿਦੇਸ਼ਾਂ ਦੀ ਅਰਥਵਿਵਸਥਾ ਵਿਚ ਯੋਗਦਾਨ ਪਾਉਣ ਵਾਲਾ ਐੱਨ.ਆਰ.ਆਈਜ਼ ਅੱਜ ਇਨ੍ਹਾਂ ਨੂੰ ਮਾੜਾ ਜਾਪਣ ਲੱਗ ਪਿਆ ਹੈ। ਸਾਰਾ ਮੀਡੀਆ ਐੱਨ.ਆਰ.ਆਈਜ਼ ਨੂੰ ਕੋਸ ਰਿਹਾ ਹੈ ਅਤੇ ਇਕ ਸਾਜ਼ਿਸ਼ ਤਹਿਤ ਉਨ੍ਹਾਂ ਦਾ ਅਕਸ ਵਿਲੀਅਨ ਦੇ ਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ।
1984 ‘ਚ ਜਦੋਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਅਤੇ ਦਿੱਲੀ ‘ਚ ਸਿੱਖ ਕਤਲੇਆਮ ਹੋਇਆ, ਤਾਂ ਉਸ ਸਮੇਂ ਪੰਜਾਬ ਬਾਰੇ ਜਾਂ ਦਿੱਲੀ ਬਾਰੇ ਕਿਸੇ ਟੀ.ਵੀ. ਚੈਨਲ ‘ਤੇ ਕੋਈ ਖ਼ਬਰ ਨਸ਼ਰ ਨਹੀਂ ਸੀ ਹੁੰਦੀ। ਉਸ ਸਮੇਂ ਇਨ੍ਹਾਂ ਐੱਨ.ਆਰ.ਆਈਜ਼ ਪਰਿਵਾਰਾਂ ਨੇ ਸਿੱਖ ਭਾਈਚਾਰੇ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਬੁਲੰਦ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਕਈ ਸਾਲਾਂ ਤੱਕ ਕਾਲੀ ਸੂਚੀ ਵਿਚ ਵੀ ਰੱਖਿਆ ਗਿਆ।
ਐੱਨ.ਆਰ.ਆਈਜ਼ ਕਾਰਨ ਹੀ ਪੰਜਾਬ ‘ਚ ਜ਼ਮੀਨਾਂ ਦੇ ਭਾਅ ਵਧਣੇ ਸ਼ੁਰੂ ਹੋਏ ਅਤੇ ਉਹ ਪੰਜਾਬ ਦੀ ਅਰਥਵਿਵਸਥਾ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਂਦੇ ਰਹੇ ਹਨ। ਵਿਦੇਸ਼ਾਂ ਵਿਚੋਂ ਉਨ੍ਹਾਂ ਵੱਲੋਂ ਕਈ ਗੁਰਦੁਆਰਿਆਂ ਨੂੰ ਆਪਣੀ ਨੇਕ ਕਮਾਈ ਦਾ ਦਸਵੰਧ ਭੇਜਿਆ ਜਾਂਦਾ ਹੈ ਅਤੇ ਕਈ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਹੈ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਐੱਨ.ਆਰ.ਆਈਜ਼ ਨੂੰ ਬਦਨਾਮ ਕਰਨ ਦੀ ਬੜੀ ਵੱਡੀ ਸਾਜ਼ਿਸ਼ ਤਹਿਤ ਪੰਜਾਬ ਨਾਲੋਂ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਕੋਰੋਨਾਵਾਇਰਸ ਦੀ ਬਿਮਾਰੀ ਫੈਲਾਉਣ ਦਾ ਸਾਰਾ ਦੋਸ਼ ਇਨ੍ਹਾਂ ਐੱਨ.ਆਰ.ਆਈਜ਼ ਦੇ ਸਿਰ ਮੜਨ ਤੋਂ ਬਾਅਦ ਇਸ ਦੀ ਉਂਗਲ ਪੰਜਾਬ ਦੇ ਸਿੱਖਾਂ ਵੱਲ ਵੀ ਮੁੜ ਸਕਦੀ ਹੈ ਕਿ ਇਹ ਕੋਰੋਨਾਵਾਇਰਸ ਸਿੱਖ ਭਾਈਚਾਰਾ ਲੈ ਕੇ ਆਇਆ।
ਪਰ ਤੁਹਾਨੂੰ ਦੱਸਣਾ ਬਣਦਾ ਹੈ ਕਿ ਪੰਜਾਬ ਅੰਦਰ ਕੋਰੋਨਾਵਾਇਰਸ ਐੱਨ.ਆਰ.ਆਈਜ਼ ਨਹੀਂ ਲੈ ਕੇ ਆਇਆ, ਬਲਕਿ ਜਿਹੜੇ ਲੋਕ ਵਪਾਰ ਕਰਨ ਲਈ ਚੀਨ ਜਾਂਦੇ ਸਨ, ਆਪਣਾ ਕੰਮ ਕਰਨ ਲਈ ਫਲਾਈਟਾਂ ‘ਤੇ ਜਾਂਦੇ ਸਨ ਅਤੇ ਇਸ ਵਾਇਰਸ ਦਾ ਪਸਾਰ ਏਅਰਪੋਰਟਾਂ ਰਾਹੀਂ ਪੰਜਾਬ ਅੰਦਰ ਹੋਣਾ ਸ਼ੁਰੂ ਹੋਇਆ। ਇਹ ਵਾਇਰਸ ਏਅਰਪੋਰਟਾਂ ਰਾਹੀਂ ਫੈਲਦਾ ਰਿਹਾ ਹੈ। ਕਿਉਂਕਿ ਵਪਾਰੀ ਵਰਗ ਵੀ ਆਪਣੇ ਕੰਮਕਾਜ ਲਈ ਏਅਰਪੋਰਟਾਂ ਰਾਹੀਂ ਪੰਜਾਬ ਤੋਂ ਭਾਰਤ ਦੇ ਕਈ ਹਿੱਸਿਆਂ ਵਿਚ ਟਰੈਵਲ ਕਰਦਾ ਰਿਹਾ ਹੈ ਅਤੇ ਵਾਪਸੀ ਸਮੇਂ ਉਹ ਵੀ ਕੋਰੋਨਾਵਾਇਰਸ ਦੀ ਬਿਮਾਰੀ ਪੰਜਾਬ ‘ਚ ਲਿਆਉਣ ਲਈ ਜ਼ਿੰਮੇਵਾਰ ਹੋ ਸਕਦਾ ਹੈ। ਪਰ ਕਿਸੇ ਸਾਜ਼ਿਸ਼ ਤਹਿਤ ਸਿਰਫ ਐੱਨ.ਆਰ.ਆਈਜ਼ ਦੀ ਨਿਸ਼ਾਨਦੇਹੀ ਕਰਕੇ ਸਾਰਾ ਦੋਸ਼ ਉਨ੍ਹਾਂ ‘ਤੇ ਮੜ੍ਹਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਤੋਂ ਇਲਾਵਾ ਮਹਾਰਾਸ਼ਟਰ, ਯੂ.ਪੀ., ਲਖਨਊ ਅਤੇ ਹੋਰਨਾਂ ਰਾਜਾਂ ਵਿਚ ਵੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਉਥੇ ਤਾਂ ਕੋਈ ਐੱਨ.ਆਰ.ਆਈਜ਼ ਪੰਜਾਬ ਤੋਂ ਚੱਲ ਕੇ ਨਹੀਂ ਗਿਆ।
ਪੰਜਾਬ ਅੰਦਰ ਫੈਲੇ ਕੋਰੋਨਾਵਾਇਰਸ ਦਾ ਸਾਰਾ ਦੋਸ਼ ਐੱਨ.ਆਰ.ਆਈਜ਼ ‘ਤੇ ਲਾਇਆ ਜਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਅਤੇ ਉਨ੍ਹਾਂ ਨੂੰ ਬਦਨਾਮ ਕਰਕੇ ਪੰਜਾਬ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਿਹਾ ਹੈ। ਕਿਉਂਕਿ ਪੰਜਾਬ ਲਈ ਹਾਅ ਦਾ ਨਾਅਰਾ ਮਾਰਨ ਵਾਲੇ ਇਹੀ ਐੱਨ.ਆਰ.ਆਈਜ਼ ਕੱਲ੍ਹ ਨੂੰ ਪੰਜਾਬ ਤੋਂ ਦੂਰੀ ਵੀ ਬਣਾ ਸਕਦੇ ਹਨ।
ਸੋ ਸੋਸ਼ਲ ਮੀਡੀਆ ਦੇ ਚੈਨਲਾਂ ਨੂੰ ਅਪੀਲ ਹੈ ਕਿ ਇਸ ਵਾਇਰਸ ਬਾਰੇ ਪਹਿਲਾਂ ਪੜਤਾਲ ਕੀਤੀ ਜਾਵੇ ਕਿ ਇਹ ਕਿੱਥੋਂ ਅਤੇ ਕਿਵੇਂ ਆਇਆ ਅਤੇ ਸਹੀ ਜਾਣਕਾਰੀ ਹੀ ਲੋਕਾਂ ਤੱਕ ਪਹੁੰਚਾਈ ਜਾਵੇ, ਤਾਂ ਕਿ ਇਕ ਧਿਰ ਨੂੰ ਦੋਸ਼ੀ ਨਾ ਬਣਾਇਆ ਜਾਵੇ।


Share