ਵਿਦਿਆਰਥੀਆਂ ਦਾ ਕਰਜਾ ਮੁਆਫ ਕਰਨ ਦੇ ਪ੍ਰੋਗਰਾਮ ਨੂੰ ਲਾਗੂ ਨਹੀਂ ਕਰ ਸਕਿਆ ਬਾਇਡਨ ਪ੍ਰਸ਼ਾਸਨ

185
Share

* 70000 ਵਿਅਕਤੀ 5 ਅਰਬ ਡਾਲਰ ਦੀ ਰਾਹਤ ਦੀ ਉਡੀਕ ਵਿਚ
ਸੈਕਰਾਮੈਂਟੋ, 21 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਵਾਦਤ ਕਰਜਾ ਮੁਆਫੀ ਪ੍ਰੋਗਰਾਮ ਜਿਸ ਤਹਿਤ 22000 ਵਿਦਿਆਰਥੀਆਂ ਦਾ ਕਰਜ਼ਾ ਖਤਮ ਕਰ ਦੇਣ ਦਾ ਅਨੁਮਾਨ ਲਾਇਆ ਗਿਆ ਸੀ, ਉਪਰ ਅਮਲ ਨਾ ਹੋਣ ਕਾਰਨ ਕਰਜ਼ਾ ਮੁਆਫੀ ਦੀ ਉਡੀਕ ਕਰਨ ਵਾਲਿਆਂ ਦੀ ਕਤਾਰ ਲੰਬੀ ਹੁੰਦੀ ਜਾ ਰਹੀ ਹੈ। ‘ਯੂ.ਐੱਸ. ਡਿਪਾਰਟਮੈਂਟ ਆਫ ਐਜੂਕੇਸ਼ਨ’ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਕਾਰਜਕਾਲ ਦਾ ਇਕ ਵਰ੍ਹਾ ਪੂਰਾ ਹੋਣ ’ਤੇ ਕਰਜ਼ਾ ਮੁਆਫੀ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕਰਜ਼ਾ ਮੁਆਫੀ ਦੇ ਪ੍ਰੋਗਰਾਮ ਉਪਰ ਅਮਲ ਨਹੀਂ ਹੋਇਆ। ਕਰਜ਼ਾ ਮੁਆਫੀ ਦਾ ਪ੍ਰੋਗਰਾਮ 2007 ਵਿਚ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਉਨ੍ਹਾਂ ਵਿਦਿਆਰਥੀਆਂ ਦਾ ਕਰਜ਼ਾ ਮੁਆਫ ਕੀਤਾ ਜਾਣਾ ਸੀ, ਜੋ ਪੜ੍ਹਾਈ ਤੋਂ ਬਾਅਦ ਅਧਿਆਪਕ, ਪੁਲਿਸ ਅਫਸਰ, ਅੱਗ ਬੁਝਾਊ ਵਿਭਾਗ ਜਾਂ ਹੋਰ ਜਨਤਿਕ ਸੇਵਾਵਾਂ ਵਿਚ 10 ਸਾਲ ਨੌਕਰੀ ਕਰਨਗੇ। ਅਸਲ ਵਿਚ ਸੰਘੀ ਸਰਕਾਰ ਨੇ ਅੱਜ ਤੱਕ ਕਿਸੇ ਦੇ ਵੀ ਕਰਜੇ ਉਪਰ ਲਕੀਰ ਨਹੀਂ ਫੇਰੀ। ਬਾਇਡਨ ਪ੍ਰਸ਼ਾਸਨ ਨੇ ਪਿਛਲੇ ਸਾਲ ਅਕਤੂਬਰ ਵਿਚ ਮਾਪਦੰਡਾਂ ਨੂੰ ਨਰਮ ਕੀਤਾ ਸੀ ਤੇ ਅੰਦਾਜ਼ਾ ਲਾਇਆ ਸੀ ਕਿ 22000 ਤੋਂ ਵਧ ਵਿਅਕਤੀਆਂ ਦਾ ਫੌਰੀ ਕਰਜ਼ਾ ਖਤਮ ਹੋ ਜਾਵੇਗਾ ਤੇ 27000 ਹੋਰ ਵਿਅਕਤੀ ਨੌਕਰੀ ਕਰਨ ਦਾ ਸਬੂਤ ਦੇਣ ਉਪਰੰਤ ਇਸ ਦੇ ਯੋਗ ਹੋ ਜਾਣਗੇ। ਬਾਇਡਨ ਪ੍ਰਸ਼ਾਸਨ ਦਾ ਅਨੁਮਾਨ ਸੀ ਕਿ ਪ੍ਰੋਗਰਾਮ ਵਿਚ ਤਬਦੀਲੀਆਂ ਨਾਲ 5,50,000 ਕਰਜਦਾਰਾਂ ਨੂੰ ਲਾਭ ਹੋ ਸਕਦਾ ਹੈ। ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਇਸ ਵੇਲੇ ਮੋਟੇ ਤੌਰ ’ਤੇ 70000 ਵਿਅਕਤੀ 5 ਅਰਬ ਡਾਲਰ ਰਾਹਤ ਦੀ ਉਡੀਕ ਵਿਚ ਹਨ। ਸਿੱਖਿਆ ਵਿਭਾਗ ਦੇ ਅੰਡਰ ਸੈਕਟਰੀ ਜੇਮਜ਼ ਕਵਾਲ ਨੇ ਇਸ ਬਾਰੇ ਪ੍ਰਤੀਕਿ੍ਰਆ ਦਿੰਦਿਆਂ ਕਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਜਨਤਕ ਸੇਵਾ ਵਿਚ ਪੂਰਾ ਦਹਾਕਾ ਕੰਮ ਕੀਤਾ ਹੈ, ਉਨ੍ਹਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਪਰੰਤੂ ‘ਸਿਸਟਮ’ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ‘ਅਧਿਆਪਕ, ਨਰਸਾਂ, ਫਸਟ ਰਿਸਪਾਂਡਰਜ ਤੇ ਹਜ਼ਾਰਾਂ ਹੋਰ ਵਰਕਰ ਵਿਸ਼ੇਸ਼ ਕਰਕੇ ਇਸ ਮਹਾਂਮਾਰੀ ਦੇ ਦੌਰ ਵਿਚ ਸਾਡੀ ਰੀੜ੍ਹ ਦੀ ਹੱਡੀ ਹਨ ਤੇ ਬਾਈਡਨ ਪ੍ਰਸ਼ਾਸਨ ਵੀ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ ਇਹ ਗੱਲ ਦੁਹਰਾਉਂਦਾ ਆਇਆ ਹੈ।’ ਇਸ ਵੇਲੇ ਬਾਈਡਨ ਪ੍ਰਸ਼ਾਸਨ ਕਰਜਾ ਮੁਆਫੀ ਦੇ ਪ੍ਰੋਗਰਾਮ ਨੂੰ ਲੈ ਕੇ ਭਾਰੀ ਦਬਾਅ ਹੇਠ ਹੈ। ਉਂਝ ਸਿੱਖਿਆ ਵਿਭਾਗ ਬਾਈਡਨ ਪ੍ਰਸ਼ਾਸਨ ਵੱਲੋਂ ਕਾਰਜਭਾਰ ਸੰਭਾਲਣ ਉਪਰੰਤ 6,75,000 ਕਰਜਦਾਰਾਂ ਦੇ ਤਕਰੀਬਨ 15 ਅਰਬ ਡਾਲਰ ਦੇ ਕਰਜੇ ਉਪਰ ਲਕੀਰ ਫੇਰ ਚੁੱਕਾ ਹੈ ਪਰੰਤੂ ਇਹ ਕਰਜ਼ਾ ਮੁਆਫੀ ਉਨ੍ਹਾਂ ਲੋਕਾਂ ਦੀ¿; ਹੋਈ ਹੈ, ਜੋ ਸਥਾਈ ਤੌਰ ’ਤੇ¿; ਅਪਾਹਜ਼ ਹੋ ਗਏ ਹਨ ਜਾਂ ਸਕੂਲਾਂ ਦੁਆਰਾ ਧੋਖੇ ਦਾ ਸ਼ਿਕਾਰ ਹੋਏ ਹਨ।

Share