ਵਿਜੈ ਯਮਲਾ ਤੇ ਸੁਰੇਸ਼ ਯਮਲਾ ਵੱਲੋਂ ਕੁਝ ਲੋਕਾਂ ‘ਤੇ ਉਨ੍ਹਾਂ ਦੇ ਦਾਦਾ ਉਸਤਾਦ ਲਾਲ ਚੰਦ ਯਮਲਾ ਚੰਦ ਦਾ ਨਾਂ ਵਰਤਣ ਦਾ ਇਤਰਾਜ਼

600
Share

ਫਰਿਜ਼ਨੋ, 22 ਜੁਲਾਈ (ਕੁਲਵੰਤ ਉੱਭੀ ਧਾਲੀਆਂ/ਪੰਜਾਬ ਮੇਲ)- ਬੀਤੇ ਕੁਝ ਦਿਨਾਂ ਤੋਂ ਮਰਹੂਮ ਗਾਇਕ ਉਸਤਾਦ ਲਾਲ ਚੰਦ ਜੱਟ ਦੇ ਪੋਤਰੇ ਵਿਜੈ ਯਮਲਾ ਅਤੇ ਸੁਰੇਸ ਯਮਲਾ ਵੱਲੋਂ ਕੁਝ ਲੋਕਾਂ ‘ਤੇ ਉਨ੍ਹਾਂ ਦੇ ਦਾਦਾ ਉਸਤਾਦ ਲਾਲ ਚੰਦ ਯਮਲਾ ਚੰਦ ਦਾ ਨਾਂ ਵਰਤਣ ਦਾ ਇਤਰਾਜ ਲਾਇਆ ਜਾ ਰਿਹਾ ਹੈ। ਜਦਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ ਅਤੇ ਉਨ੍ਹਾਂ ਦੀ ਚਲਾਈ ਪ੍ਰੰਪਰਾ ਅਤੇ ਕਲਾ ਨੂੰ ਅੱਗੇ ਤੋਰਨ ਵਾਲੇ ਲੋਕ ਸੱਭਿਆਚਾਰ ਦਾ ਮਾਣ ਹੁੰਦੇ ਹਨ। ਜੋ ਉਸਦੇ ਪਰਿਵਾਰ, ਸ਼ਾਗਿਰਦ ਜਾਂ ਉਪਾਸਕ ਵੀ ਹੋ ਸਕਦੇ ਹਨ। ਇਸ ਸੰਬੰਧੀ ਯਮਲਾ ਪਰਿਵਾਰ ਦੇ ਕੁਝ ਮੈਂਬਰਾਂ ਵੱਲੋਂ ਬੇਸ਼ੱਕ ਕਿਸੇ ਦਾ ਇਸ ਮਾਮਲੇ ਵਿਚ ਖ਼ਾਸ ਕਿਸੇ ਦਾ ਨਾਂ ਨਹੀਂ ਲਿਆ ਗਿਆ। ਪਰ ਵੀਡੀਉ ਵਾਇਰਲ ਕਰਕੇ ਅਤੇ ਖਬਰਾਂ ਰਾਹੀਂ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਨਾਂ ਵਰਤ ਕੇ ਲੋਕਾ ਤੋਂ ਚੰਦਾ ਜਾਂ ਸਹਾਇਤਾ ਆਦਿਕ ਮੰਗਣ ‘ਤੇ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਉਸਤਾਦ ਲਾਲ ਚੰਦ ਯਮਲਾ ਜੱਟ ਨੂੰ ਸੁਣਨ ਵਾਲੇ ਉਪਾਸਕ ਦੁਨੀਆਂ ਭਰ ਵਿਚ ਮੌਜੂਦ ਹਨ। ਇਸੇ ਕਰਕੇ ਵੱਖ-ਵੱਖ ਦੇਸ਼ਾਂ ਵਿਚ ਉਨਾਂ ਦੇ ਨਾਂ ‘ਤੇ ਯਾਦਗਾਰੀ ਮੇਲੇ ਕਰਵਾਏ ਅਤੇ ਆਪਣੇ ਅਜੀਜ਼ ਗਾਇਕ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ। ਕਈ ਦੇਸ਼ਾਂ ਵਿਚ ਪਰਿਵਾਰਕ ਮੈਂਬਰਾਂ ਦੀ ਸਲਾਹ ਅਤੇ ਰਜ਼ਾਮੰਦੀ ਨਾਲ ‘ਉਸਤਾਦ ਲਾਲ ਚੰਦ ਯਮਲਾ ਯਾਦਗਾਰੀ’ ਮੇਲੇ ਹੁੰਦੇ ਹਨ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪਰਿਵਾਰ ਦੇ ਮੈਂਬਰਾਂ ਵਿਚੋਂ ਕਿਸੇ ਨੂੰ ਬੁਲਾ ਕੇ ਮਾਣ ਬਖਸ਼ਿਆ ਜਾਵੇ। ਪਰ ਯਮਲਾ ਜੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕੁਝ ਲੋਕ ਉਨ੍ਹਾਂ ਦੇ ਪਰਿਵਾਰ ਦਾ ਨਾਂ ਆਪਣੇ ਸਵਾਰਥ ਲਈ ਵਰਤ ਰਹੇ ਹਨ। ਪਰ ਉਨ੍ਹਾਂ ਵੱਲੋਂ ਇਸ ਸੰਬੰਧੀ ਕਿਸੇ ਵੀ ਵਿਆਕਤੀ ਦਾ ਨਾਂ ਨਹੀਂ ਲਿਆ ਗਿਆ। ਜਦਕਿ ਉਨ੍ਹਾਂ ਵੱਲੋਂ ਸਾਡੇ ਰਿਪੋਟਰ ਨੂੰ ਭੇਜੀ ਲਿਖਤ ਅਨੁਸਾਰ ਕਿਹਾ ਗਿਆ ਹੈ ਕਿ ਦੋਸਤੋ ਇਕ ਜ਼ਰੂਰੀ ਜਾਣਕਾਰੀ ਸਾਂਝੀ ਕਰਨੀ ਹੈ ਕਿ ਯਮਲਾ ਜੱਟ ਜੀ ਦਾ ਅਸਲ ਪਰਿਵਾਰ ਲੁਧਿਆਣਾ ਰਹਿੰਦਾ ਹੈ। ਪੰਜ ਬੇਟੇ ਸਨ, ਜੋ ਹੁਣ ਇਸ ਦੁਨੀਆਂ ਵਿਚ ਨਹੀ ਰਹੇ ਅਤੇ ਦੋ ਬੇਟੀਆਂ ਸਨ। ਇਕ ਡੱਬਵਾਲੀ ਅਤੇ ਇਕ ਅੰਬਾਲਾ ਵਿਆਹੇ ਸਨ। ਉਹ ਅੰਬਾਲਾ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਸਰਬਜੀਤ ਕੌਰ ਚਿਮਟੇਵਾਲੀ (ਪਤਨੀ ਜਸਦੇਵ ਯਮਲਾ), ਪੋਤਰਿਆ ਵਿਚ ਸੁਰੇਸ਼ ਯਮਲਾ, ਵਿਜੈ ਯਮਲਾ, ਅਮਿਤ ਯਮਲਾ, ਕਸ਼ਮੀਰਾ ਯਮਲਾ, ਰਵੀ ਯਮਲਾ, ਅਸ਼ਵਨੀ ਯਮਲਾ, ਕਾਲਾ ਯਮਲਾ ਹਨ, ਜੋ ਕਿ ਸਭ ਕਲਾ ਨਾਲ ਜੁੜ ਕੇ ਪੰਜਾਬੀ ਸੱਭਿਆਚਾਰ ਲਈ ਕੰਮ ਕਰ ਰਹੇ ਹਨ ਅਤੇ ਵਿਰਾਸਤ ਨੂੰ ਅੱਗੇ ਤੋਰ ਰਹੇ ਹਨ। ਇਹ ਸਾਰਾ ਪਰਿਵਾਰ ਯਮਲਾ ਜੀ ਦੇ ਜੱਦੀ ਘਰ ਲੁਧਿਆਣਾ ਵਿਚ ਹੀ ਰਹਿੰਦਾ ਹੈ।
ਇਸ ਤੋਂ ਇਲਾਵਾ ਕਈ ਦੂਜੇ ਸ਼ਹਿਰਾ ਜਾਂ ਪਿੰਡਾ ਤੋਂ ਕੁੱਝ ਲੋਕ ਆਪਦੇ ਆਪ ਨੂੰ ਯਮਲਾ ਪਰਿਵਾਰ ਦੇ ਮੈਂਬਰ ਦੱਸ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਕਈ ਤਰ੍ਹਾਂ ਦੀ ਮਦਦ ਮੰਗਦੇ ਹਨ। ਕਿਰਪਾ ਕਰਕੇ ਅਜਿਹੇ ਧੋਖੇਬਾਜ਼, ਝੂਠੇ ਲੋਕਾਂ ਤੋਂ ਸਾਵਧਾਨ ਰਹੋ, ਜੋ ਆਪਦੇ ਆਪ ਨੂੰ ਯਮਲਾ ਜੀ ਦਾ ਪੋਤਰਾ ਜਾਂ ਸਪੁੱਤਰ ਦੱਸਦੇ ਹਨ।
ਕਈ ਸ਼ਗਿਰਦ ਚੇਲੇ ਵੀ ਅਜਿਹੇ ਹਨ, ਜੋ ਯਮਲਾ ਜੀ ਨੂੰ ਕਦੀ ਮਿਲੇ ਵੀ ਨਹੀਂ ਪਰ ਉਹ ਅੱਗੋਂ ਦੀ ਅੱਗੋਂ ਕਿਸੇ ਦੇ ਚੇਲੇ ਹੋਣ ਦੇ ਨਾਤੇ ਆਪਦੇ ਆਪ ਨੂੰ ਯਮਲਾ ਜੀ ਦਾ ਪੋਤਰਾ ਕਹਿ ਦਿੰਦੇ ਹਨ ਤੇ ਲੋਕਾਂ ਤੋਂ ਯਮਲਾ ਜੀ ਦੇ ਨਾਮ ‘ਤੇ ਚੰਦਾ ਜਾਂ ਦਾਨ ਇਕੱਠਾ ਕਰਦੇ ਹਨ।
ਸਮੁੱਚੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਦੇ ਨਾਂ ਨੂੰ ਆਪਣੇ ਸਵਾਰਥ ਲਈ ਵਰਤਣਾ ਗਲਤ ਹੈ। ਅਗਰ ਕੋਈ ਯਮਲਾ ਜੀ ਦੀ ਗਾਇਕੀ ਅਤੇ ਪ੍ਰੰਪਰਾ ਨੂੰ ਨਿਰਸਵਾਰਥ ਅੱਗੇ ਤੋਰਦਾ ਹੈ, ਤਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਅਤੇ ਬਹੁਤ ਵਧੀਆ ਉਪਰਾਲਾ ਹੈ।


Share