ਵਿਜੀਲੈਂਸ ਵੱਲੋਂ ਸਾਬਕਾ ਸਰਕਾਰ ਵਿਚ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਤੋਂ ਦੋ ਘੰਟੇ ਪੁੱਛ-ਪੜਤਾਲ

29
Share

* ਸਾਬਕਾ ਮੰਤਰੀ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼
ਐੱਸ.ਏ. ਐੱਸ. ਨਗਰ (ਮੋਹਾਲੀ), 22 ਸਤੰਬਰ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਵਿਚ ਉਦਯੋਗ ਮੰਤਰੀ ਰਹੇ ਸੁੰਦਰ ਸ਼ਾਮ ਅਰੋੜਾ ਤੋਂ ਬੁੱਧਵਾਰ ਮੋਹਾਲੀ ਵਿਚ ਪੰਜਾਬ ਵਿਜੀਲੈਂਸ ਬਿਊਰੋ ਦੀ ਵਿਸ਼ੇਸ਼ ਟੀਮ ਨੇ ਕਰੀਬ ਦੋ ਘੰਟੇ ਪੁੱਛਗਿੱਛ ਕੀਤੀ। ਅਰੋੜਾ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸਮੇਤ ਵਿਰੋਧੀ ਧਿਰਾਂ ਨੇ ਅਰੋੜਾ ’ਤੇ ਭਿ੍ਰਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਸਨ।¿;
ਬੀਰਦਵਿੰਦਰ ਸਿੰਘ ਲਗਾਤਾਰ ਜੇ.ਸੀ.ਟੀ. ਦੀ ਬਹੁਕਰੋੜੀ ਜ਼ਮੀਨ ਦੇ ਤਬਾਦਲੇ ਦਾ ਮੁੱਦਾ ਚੁੱਕਦੇ ਰਹੇ ਹਨ। ਉਨ੍ਹਾਂ ਨੇ ਮਾਮਲੇ ਦੀ ਤੈਅ ਤੱਕ ਜਾਣ ਲਈ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਹੁਣ ‘ਆਪ’ ਸਰਕਾਰ ਨੇ ਅਰੋੜਾ ਖ਼ਿਲਾਫ਼ ਇਸ ਫਾਈਲ ਤੋਂ ਮਿੱਟੀ ਝਾੜ ਕੇ ਨਿਰਪੱਖ ਜਾਂਚ ਦੇ ਆਦੇਸ਼ ਦਿੱਤੇ ਹਨ। ਪੁੱਛਗਿੱਛ ਤੋਂ ਬਾਅਦ ਵਿਜੀਲੈਂਸ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੁੱਛਗਿੱਛ ਲਈ ਮੁੱਖ ਦਫ਼ਤਰ ’ਚ ਸੱਦਿਆ ਸੀ ਅਤੇ ਉਨ੍ਹਾਂ ਕੋਲੋਂ ਚੱਲ ਤੇ ਅਚੱਲ ਜਾਇਦਾਦ ਬਾਰੇ ਪੁੱਛਗਿੱਛ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਜਾਂਚ ਟੀਮ ਨੂੰ ਦੱਸਿਆ ਹੈ ਕਿ ਚੋਣ ਲੜਨ ਸਮੇਂ ਉਨ੍ਹਾਂ ਵੱਲੋਂ ਹਲਫ਼ਨਾਮੇ ਵਿਚ ਆਪਣੀ ਜ਼ਮੀਨ-ਜਾਇਦਾਦ ਬਾਰੇ ਪੂਰਾ ਵੇਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਪੁੱਛਗਿੱਛ ਲਈ ਸੱਦੇਗੀ, ਉਹ ਹਾਜ਼ਰ ਹੋ ਜਾਣਗੇ ਅਤੇ ਵਿਜੀਲੈਂਸ ਨੂੰ ਜਾਂਚ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ।
ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਬੁੱਧਵਾਰ ਸਵੇਰੇ ਲਗਭਗ 11 ਵਜੇ ਮੋਹਾਲੀ ਦੇ ਸੈਕਟਰ-68 ਸਥਿਤ ਵਿਜੀਲੈਂਸ ਦੇ ਮੁੱਖ ਦਫ਼ਤਰ ’ਚ ਜਾਂਚ ਵਿਚ ਸ਼ਾਮਲ ਹੋਣ ਲਈ ਆਪਣੇ ਵਕੀਲ ਨਾਲ ਪਹੁੰਚੇ ਸਨ। ਸਾਬਕਾ ਮੰਤਰੀ ਨੇ ਕਿਹਾ ਕਿ ਵਿਜੀਲੈਂਸ ਨੇ ਉਨ੍ਹਾਂ ਕੋਲੋਂ ਜ਼ਮੀਨ-ਜਾਇਦਾਦ ਬਾਰੇ ਜੋ ਵੀ ਸਵਾਲ ਕੀਤੇ, ਉਨ੍ਹਾਂ ਨੇ ਉਸ ਦਾ ਸਹੀ ਜਵਾਬ ਦਿੱਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਦੀ ਚੋਣ ਲੜਨ ਸਮੇਂ ਰਿਟਰਨਿੰਗ ਅਫ਼ਸਰ ਕੋਲ ਜਿਹੜਾ ਹਲਫ਼ੀਆ ਬਿਆਨ ਜਮ੍ਹਾ ਕਰਵਾਇਆ ਸੀ, ਉਸ ਦੀ ਕਾਪੀ ਜਾਂਚ ਟੀਮ ਨੂੰ ਸੌਂਪ ਦਿੱਤੀ ਗਈ ਹੈ। ਜਦੋਂ ਉਨ੍ਹਾਂ ਕੋਲੋਂ ਵਿਜੀਲੈਂਸ ਵੱਲੋਂ ਕੁੱਝ ਖਾਸ ਅਧਿਕਾਰੀਆਂ ਦੇ ਨਾਮ ਲੈਣ ਸਬੰਧੀ ਪੁੱਛੇ ਜਾਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਵੀ ਨਹੀਂ ਹੈ।

Share