ਵਿਜੀਲੈਂਸ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਖ਼ਿਲਾਫ਼ ਦਰਜ ਕੇਸ ’ਚ 6 ਹੋਰ ਨਾਮਜ਼ਦ

290
Share

-ਸਾਬਕਾ ਪੁਲਿਸ ਮੁਖੀ ਦੀ ਗਿ੍ਰਫ਼ਤਾਰੀ ਲਈ ਵਿਜੀਲੈਂਸ ਬਿਊਰੋ ਨੇ ਆਰੰਭੇ ਯਤਨ
ਐੱਸ.ਏ.ਐੱਸ. ਨਗਰ, 4 ਅਗਸਤ (ਪੰਜਾਬ ਮੇਲ)-ਵਿਜੀਲੈਂਸ ਵਲੋਂ ਸਾਬਕਾ ਡੀ.ਜੀ.ਪੀ. ਪੰਜਾਬ ਸੁਮੇਧ ਸੈਣੀ ਖ਼ਿਲਾਫ਼ ਆਮਦਨ ਤੋਂ ਵਧ ਜਾਇਦਾਦ ਬਣਾਉਣ ਅਤੇ ਭਿ੍ਰਸ਼ਟਾਚਾਰ ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ 109, 120ਬੀ ਤਹਿਤ ਦਰਜ ਐੱਫ.ਆਈ.ਆਰ. ’ਚ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਿਮਰਤਦੀਪ ਸਿੰਘ ਵਾਸੀ ਸੈਕਟਰ-35 ਚੰਡੀਗੜ੍ਹ, ਉਸ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਵਾਸੀ ਫੇਜ਼-3ਬੀ1 ਮੁਹਾਲੀ, ਅਜੇ ਕੌਸ਼ਲ ਤੇ ਪ੍ਰਦੁੱਮਣ ਸਿੰਘ ਦੋਵੇਂ ਵਾਸੀ ਹੁਸ਼ਿਆਰਪੁਰ, ਪਰਮਜੀਤ ਸਿੰਘ ਵਾਸੀ ਪਿੰਡ ਭੜੌਜੀਆਂ ਅਤੇ ਅਮਿਤ ਸਿੰਗਲਾ ਵਾਸੀ ਸੈਕਟਰ-27 ਏ ਚੰਡੀਗੜ੍ਹ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਦੀ ਪੜਤਾਲ ਵਿਜੀਲੈਂਸ ਦੇ ਸੰਯੁਕਤ ਡਾਇਰੈਕਟਰ ਕ੍ਰਾਇਮ ਵਰਿੰਦਰ ਸਿੰਘ ਬਰਾੜ ਵਲੋਂ ਕੀਤੀ ਗਈ ਹੈ। ਵਿਜੀਲੈਂਸ ਦਾ ਉਕਤ ਮੁਲਜ਼ਮਾਂ ’ਤੇ ਦੋਸ਼ ਹੈ ਕਿ ਨਿਮਰਤਦੀਪ ਸਿੰਘ ਦੇ ਪਿਤਾ ਸੁਰਿੰਦਰਜੀਤ ਸਿੰਘ ਜਸਪਾਲ ਨੇ ਸੁਮੇਧ ਸੈਣੀ ਨੂੰ ਸੈਕਟਰ-20 ਡੀ ਵਿਚਲੀ ਕੋਠੀ ਨੰ. 3048 ਦੀ ਪਹਿਲੀ ਮੰਜ਼ਿਲ 2.50 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਦੇ ਹਿਸਾਬ ਨਾਲ ਦਿੱਤੀ ਸੀ। ਇਸ ਸਬੰਧੀ ਦੋਵਾਂ ਧਿਰਾਂ ’ਚ 11 ਮਹੀਨੇ ਦਾ ਇਕਰਾਰਨਾਮਾ ਹੋਇਆ ਸੀ। ਇਸ ਦੌਰਾਨ ਸੁਮੇਧ ਸੈਣੀ ਨੇ ਕੋਠੀ ਮਾਲਕ ਨੂੰ 40 ਲੱਖ ਰੁਪਏ ਸਕਿਉਰਿਟੀ ਵਜੋਂ ਅਤੇ 5 ਲੱਖ ਰੁਪਏ 2 ਮਹੀਨੇ ਦੇ ਐਡਵਾਂਸ ਕਿਰਾਏ ਵਜੋਂ ਦਿੱਤੇ ਸਨ। ਇਸ ਤੋਂ ਇਲਾਵਾ ਸੁਮੇਧ ਸੈਣੀ ਨੇ ਅਗਸਤ 2018 ਤੋਂ ਅਗਸਤ 2020 ਤੱਕ ਸੁਰਿੰਦਰਜੀਤ ਸਿੰਘ ਜਸਪਾਲ ਦੇ ਬੈਂਕ ਖਾਤੇ ਵਿਚ 6 ਕਰੋੜ 40 ਲੱਖ ਰੁਪਏ ਤਬਦੀਲ ਕੀਤੇ ਸਨ, ਜਦਕਿ ਸੁਮੇਧ ਸੈਣੀ ਤੋਂ 69 ਲੱਖ ਰੁਪਏ ਹੋਰ ਪ੍ਰਾਪਤ ਕਰਕੇ ਕੋਠੀ ਮਾਲਕ ਨੇ ਖ਼ਰਚ ਕੀਤੇ ਸਨ। ਵਿਜੀਲੈਂਸ ਮੁਤਾਬਕ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਵਲੋਂ ਸੁਮੇਧ ਸੈਣੀ ਨਾਲ ਸਾਜ-ਬਾਜ ਕਰਕੇ ਉਕਤ ਲੈਣ-ਦੇਣ ਨੂੰ ਜਾਇਜ਼ ਠਹਿਰਾਉਣ ਲਈ ਇਕ ਸਾਦੇ ਕਾਗਜ਼ ’ਤੇ ਇਕਰਾਰਨਾਮਾ ਕੀਤਾ ਸੀ, ਜਾਂਚ ਦੌਰਾਨ ਇਹ ਇਕਰਾਰਨਾਮਾ ਫ਼ਰਜੀ ਨਿਕਲਿਆ। ਉਕਤ ਸਾਰੀ ਕੋਠੀ ’ਤੇ ਸੁਮੇਧ ਸੈਣੀ ਦਾ ਕਬਜ਼ਾ ਹੈ ਅਤੇ ਇਸ ਕੋਠੀ ਸਬੰਧੀ ਅਦਾਲਤ ਵਲੋਂ ਆਰਜ਼ੀ ਤੌਰ ’ਤੇ ਕੁਰਕੀ ਦੇ ਹੁਕਮ ਜਾਰੀ ਕਰਦਿਆਂ 2.50 ਲੱਖ ਰੁਪਏ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਉਧਰ ਵਿਜਲੈਂਸ ਦਾ ਇਹ ਦੋਸ਼ ਵੀ ਹੈ ਕਿ ਨਿਮਰਤਦੀਪ ਸਿੰਘ ਤੇ ਉਸ ਦੇ ਪਿਤਾ ਨੇ ਮੁਹਾਲੀ, ਚੰਡੀਗੜ੍ਹ, ਪੰਚਕੂਲਾ, ਮੁੱਲਾਂਪੁਰ, ਕੁਰਾਲੀ ਅਤੇ ਹੋਰਨਾਂ ਥਾਵਾਂ ’ਤੇ 35 ਦੇ ਕਰੀਬ ਅਚੱਲ ਜਾਇਦਾਦਾਂ ਬਣਾਈਆਂ ਹਨ। ਨਿਮਰਤਦੀਪ ਸਿੰਘ ਅਤੇ ਉਸ ਦੇ ਪਰਿਵਾਰ ਦੇ 22 ਦੇ ਕਰੀਬ ਵੱਖ-ਵੱਖ ਬੈਂਕਾਂ ਵਿਚ ਖਾਤੇ ਹਨ। ਬਾਕੀ ਮੁਲਜ਼ਮਾਂ ’ਤੇ ਨਿਮਰਤਦੀਪ ਸਿੰਘ ਅਤੇ ਉਸ ਦੇ ਪਿਤਾ ਵਲੋਂ ਬਣਾਈ ਗਈ ਜਾਇਦਾਦ ਨਾਲ ਆਪਣੀ ਜਾਇਦਾਦ ਤਬਦੀਲ ਕਰਨ ਦਾ ਦੋਸ਼ ਹੈ, ਜਿਸ ਵਿਚ ਮਹਿੰਗੀ ਜ਼ਮੀਨ ਨੂੰ ਸਸਤੀ ਦੱਸ ਕੇ ਖ਼ਰੀਦੋ-ਫ਼ਰੋਖ਼ਤ ਕੀਤੀ ਗਈ ਹੈ। ਉਧਰ ਵਿਜੀਲੈਂਸ ਵਲੋਂ ਸੁਮੇਧ ਸੈਣੀ ਦੇ ਘਰ ਵਿਖੇ ਛਾਪੇਮਾਰੀ ਕਰਨ ਤੋਂ ਬਾਅਦ ਕਈ ਹੋਰਨਾਂ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ, ਪਰ ਹਾਲੇ ਤੱਕ ਵਿਜੀਲੈਂਸ ਦੇ ਹੱਥ ਕੋਈ ਅਹਿਮ ਸੁਰਾਗ ਨਹੀਂ ਲੱਗਾ।
ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਡੀ.ਜੀ.ਪੀ. ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਜੁਟਾਉਣ ਦਾ ਨਵਾਂ ਕੇਸ ਮੁਹਾਲੀ ਦੇ ਵਿਜੀਲੈਂਸ ਥਾਣੇ ’ਚ ਦਰਜ ਕੀਤਾ ਗਿਆ ਹੈ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਨੇ ਅਪਰਾਧਿਕ ਕੇਸ ਦਰਜ ਕਰਨ ਮਗਰੋਂ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੈਣੀ ਦੀ ਗਿ੍ਰਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਪੁਲਿਸ ਦੀ ਇੱਕ ਟੀਮ ਸੁਮੇਧ ਸੈਣੀ ਦੀ ਸੈਕਟਰ-20 ਸਥਿਤ ਰਿਹਾਇਸ਼ ’ਤੇ ਪਹੁੰਚੀ ਸੀ। ਚੰਡੀਗੜ੍ਹ ਵਾਲੀ ਇਸ ਕੋਠੀ ਬਾਰੇ ਪਿਛਲੇ ਦਿਨੀਂ ਵੀ ਕਾਫ਼ੀ ਵਿਵਾਦ ਛਿੜਿਆ ਸੀ। ਕਿਹਾ ਜਾ ਰਿਹਾ ਹੈ ਕਿ ਸੁਮੇਧ ਸੈਣੀ ਵੱਲੋਂ ਇਹ ਕੋਠੀ ਗ਼ਲਤ ਤਰੀਕੇ ਨਾਲ ਖ਼ਰੀਦੀ ਗਈ ਹੈ। ਕੋਠੀ ਦੀ ਰੈਂਟ ਡੀਡ ਅਤੇ ਖ਼ਰੀਦ ਸਬੰਧੀ ਦਸਤਾਵੇਜ਼ਾਂ ਅਤੇ ਪੈਸਿਆਂ ਦਾ ਲੈਣ-ਦੇਣ ਆਪਸ ਵਿਚ ਮੇਲ ਨਹੀਂ ਖਾਂਦੇ ਹਨ। ਮੁਲਤਾਨੀ ਕੇਸ ’ਚ ਸੈਣੀ ਨੂੰ ਸੁਪਰੀਮ ਕੋਰਟ ਵੱਲੋਂ ਬਲੈਂਕੇਟ ਬੇਲ ਮਿਲੀ ਹੋਈ ਹੈ।

Share