ਵਿਜੀਲੈਂਸ ਵੱਲੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਸਮੇਤ 6 ਦੋਸ਼ੀਆਂ ਦੇ 37 ਬੈਂਕ ਖਾਤੇ ਜ਼ਬਤ

437
Share

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)-ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਵੀ ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿਚ ਵਿਜੀਲੈਂਸ ਦੀ ਛਾਪੇਮਾਰੀ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਰਾਡਾਰ ’ਤੇ ਆ ਗਏ ਹਨ। ਹੁਣ ਈ. ਡੀ. ਨੇ ਉਨ੍ਹਾਂ ਦੀਆਂ ਸੰਪਤੀਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਨੂੰ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਦੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਵਿਜੀਲੈਂਸ ਨੇ ਸੈਣੀ ਸਮੇਤ 6 ਦੋਸ਼ੀਆਂ ਦੇ 37 ਬੈਂਕ ਖਾਤੇ ਜ਼ਬਤ ਕਰ ਲਏ ਹਨ। ਮੁਲਜ਼ਮਾਂ ਦੇ ਖਾਤਿਆਂ ’ਚ ਇਨ੍ਹਾਂ ਖਾਤਿਆਂ ਤੋਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ।
ਇਕ ਰੋਜ਼ਾਨਾ ਅਖ਼ਬਾਰ ਦੀ ਰਿਪੋਰਟ ਅਨੁਸਾਰ ਇਹ ਬੈਂਕ ਖਾਤੇ ਚੰਡੀਗੜ੍ਹ, ਹਰਿਆਣਾ, ਪੰਜਾਬ ਅਤੇ ਦਿੱਲੀ ਦੇ ਦੱਸੇ ਜਾ ਰਹੇ ਹਨ। ਕੁਝ ਖਾਤੇ ਅਜਿਹੇ ਵੀ ਹਨ, ਜਿਨ੍ਹਾਂ ਵਿਚ ਬਕਾਇਆ 4 ਤੋਂ 8 ਕਰੋੜ ਰੁਪਏ ਤੱਕ ਸੀ। ਕਈ ਖਾਤਿਆਂ ਤੋਂ ਕਰੋੜਾਂ ਦੇ ਲੈਣ -ਦੇਣ ਵੀ ਸਾਹਮਣੇ ਆਏ ਹਨ। ਵਿਜੀਲੈਂਸ ਜਾਂਚ ’ਚ ਵਿਦੇਸ਼ੀ ਕੁਨੈਕਸ਼ਨ ਵੀ ਮਿਲੇ ਹਨ। ਜਾਂਚ ’ਚ ਚੰਡੀਗੜ੍ਹ ਸਥਿਤ ਕੋਠੀ ਦੇ ਐਗਰੀਮੈਂਟ ਵਿਚ ਵੱਡਾ ਫੇਰਬਦਲ ਵੀ ਪਾਇਆ ਗਿਆ ਹੈ। ਸੈਣੀ ਵੱਲੋਂ ਚੰਡੀਗੜ੍ਹ ਵਿਚ ਖਰੀਦੀ ਗਈ ਕੋਠੀ ਦਾ ਸਮਝੌਤਾ ਵੀ ਕਥਿਤ ਤੌਰ ’ਤੇ ਝੂਠਾ ਦੱਸਿਆ ਜਾ ਰਿਹਾ ਹੈ। ਵਿਜੀਲੈਂਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੋਠੀ ਮਾਲਕ ਨਿਮਰਤਦੀਪ ਦੇ ਪਿਤਾ ਨੂੰ ਅਗਸਤ 2018 ਤੋਂ 2020 ਤੱਕ ਬਿਨਾਂ ਕਿਸੇ ਪ੍ਰਾਪਤੀ ਜਾਂ ਉਦੇਸ਼ ਦੇ 6.4 ਕਰੋੜ ਰੁਪਏ ਅਦਾ ਕੀਤੇ ਗਏ ਹਨ।
ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇ ਸੈਣੀ ਨੂੰ ਗਿ੍ਰਫ਼ਤਾਰ ਕਰਨਾ ਸੀ ਤਾਂ ਉਸ ਦੀ ਥਾਂ ਉਤੇ ਵਿਜੀਲੈਂਸ ਛਾਪੇਮਾਰੀ ਕਿਉਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਸੈਣੀ ਨੂੰ ਅਗਾਊਂ ਜ਼ਮਾਨਤ ਨਹੀਂ ਮਿਲਣੀ ਸੀ। ਉਨ੍ਹਾਂ ਇਸ ਦੇ ਲਈ ਸਿੱਧਾ ਵਿਜੀਲੈਂਸ ਮੁਖੀ ਬੀ. ਕੇ. ਉੱਪਲ ਨੂੰ ਜ਼ਿੰਮੇਵਾਰ ਠਹਿਰਾਇਆ।
ਵਿਜੀਲੈਂਸ ਬਿਊਰੋ ਨੂੰ ਮੁੱਢਲੀ ਜਾਂਚ ’ਚ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਅਤੇ ਸਹਿ-ਦੋਸ਼ੀ ਨਿਮਰਤਦੀਪ ਦੀ ਆਮਦਨ 172.9 ਫੀਸਦੀ ਤੋਂ ਵੱਧ ਹੈ। ਵਿਜੀਲੈਂਸ ਬਿਊਰੋ ਨੂੰ ਸ਼ੱਕ ਹੈ ਕਿ ਨਿਮਰਤਦੀਪ ਨੇ ਸੁਰਿੰਦਰਜੀਤ ਸਿੰਘ, ਅਜੇ ਕੌਸ਼ਲ, ਪ੍ਰਦਿਊਮਨ, ਪਰਮਜੀਤ, ਅਮਿਤ ਸਿੰਗਲਾ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨਾਲ ਮਿਲ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਗੈਰਕਨੂੰਨੀ ਤੌਰ ’ਤੇ ਸੰਪਤੀ ਬਣਾਈ ਹੈ। ਇਸ ਮਾਮਲੇ ’ਚ ਹੁਣ ਈ.ਡੀ. ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗਾ ਕਿ ਇਨ੍ਹਾਂ ਲੋਕਾਂ ਦਾ ਵਿਦੇਸ਼ ਵਿਚ ਕੀ ਸੰਬੰਧ ਹੈ।

Share