ਵਿਜੀਲੈਂਸ ਬਿਊਰੋ ਵੱਲੋਂ ਸੁਮੇਧ ਸੈਣੀ ਦੀ ਜ਼ਮਾਨਤ ਨੂੰ ਹਾਈਕੋਰਟ ’ਚ ਚੁਣੌਤੀ ਦੇਣ ਦਾ ਫੈਸਲਾ

371
Share

ਚੰਡੀਗੜ੍ਹ, 21 ਅਗਸਤ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਜ਼ਮੀਨੀ ਘਪਲੇ ਕੇਸ ’ਚ ਮਿਲੀ ਜ਼ਮਾਨਤ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਕਿਹਾ ਕਿ ਉਹ ਜਲਦੀ ਹੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ 19 ਅਗਸਤ ਨੂੰ ਸੁਣਾਏ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰੇਗੀ। ਇਸੇ ਦੌਰਾਨ ਹਾਈ ਕੋਰਟ ਨੇ ਆਮਦਨ ਨਾਲੋਂ ਵੱਧ ਸਰੋਤ ਇਕੱਠੇ ਕਰਨ ਦੇ ਮਾਮਲੇ ਵਿਚ ਸੁਮੇਧ ਸੈਣੀ ਨੂੰ 12 ਅਗਸਤ ਨੂੰ ਅੰਤਿ੍ਰਮ ਜ਼ਮਾਨਤ ਦੇ ਦਿੱਤੀ ਸੀ। ਵਿਜੀਲੈਂਸ ਨੇ ਅਦਾਲਤ ਦੇ ਇਨ੍ਹਾਂ ਹੁਕਮਾਂ ’ਤੇ ਵੀ ਮੁੜ ਵਿਚਾਰ ਕਰਨ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਕਿ ਸੁਮੇਧ ਸੈਣੀ ਨੂੰ ਜ਼ਮੀਨੀ ਘਪਲੇ ਦੇ ਕੇਸ ਵਿਚ 18 ਅਗਸਤ ਨੂੰ ਉਸ ਸਮੇਂ ਗਿ੍ਰਫ਼ਤਾਰ ਕਰ ਲਿਆ ਗਿਆ ਸੀ, ਜਦੋਂ ਉਹ ਵਿਜੀਲੈਂਸ ਦੇ ਦਫ਼ਤਰ ਵਿਚ ਆਪਣੇ ਖ਼ਿਲਾਫ਼ ਦਰਜ ਕੇਸ (ਆਮਦਨ ਨਾਲੋਂ ਵੱਧ ਸਰੋਤ) ਦੇ ਸਬੰਧ ਵਿਚ ਵਿਜੀਲੈਂਸ ਦੇ ਦਫ਼ਤਰ ਪਹੁੰਚਿਆ ਸੀ। ਉਹ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੀ ਵਿਜੀਲੈਂਸ ਦਫ਼ਤਰ ਗਿਆ ਸੀ ਤੇ ਉਸ ਨੂੰ ਅੰਤਿ੍ਰਮ ਜ਼ਮਾਨਤ ਇਸ ਸ਼ਰਤ ’ਤੇ ਦਿੱਤੀ ਗਈ ਸੀ ਕਿ ਉਹ 7 ਦਿਨਾਂ ਦੇ ਅੰਦਰ ਆਮਦਨ ਨਾਲੋਂ ਵੱਧ ਸਰੋਤ ਕੇਸ ਦੀ ਜਾਂਚ ਵਿਚ ਵਿਜੀਲੈਂਸ ਨੂੰ ਸਹਿਯੋਗ ਦੇਵੇਗਾ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸੈਣੀ ਨੇ ਜਾਣਬੁੱਝ ਕੇ ਅੰਤਿ੍ਰਮ ਜ਼ਮਾਨਤ ਦੇ ਆਖਰੀ ਦਿਨ ਵਿਜੀਲੈਂਸ ਦਫ਼ਤਰ ਪਹੁੰਚ ਕੇ ਹਾਈ ਕੋਰਟ ਦੇ ਹੁਕਮਾਂ ਨੂੰ ਪੂਰੀ ਸੰਜੀਦਗੀ ਨਾਲ ਲਾਗੂ ਨਹੀਂ ਹੋਣ ਦਿੱਤਾ। ਇਸ ਕਰਕੇ ਵਿਜੀਲੈਂਸ ਨੇ ਉਸ ਦੀ ਅੰਤਿ੍ਰਮ ਜ਼ਮਾਨਤ ਦੇ ਹੁਕਮਾਂ ’ਤੇ ਮੁੜ ਵਿਚਾਰ ਕਰਨ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਵਿਜੀਲੈਂਸ ਬਿਊਰੋ ਨੇ ਜ਼ਮੀਨੀ ਘਪਲੇ ਕੇਸ ਵਿਚ ਵੀ ਸੈਣੀ ਨੂੰ ਰਿਹਾਅ ਕਰਨ ਦੇ ਹੁਕਮਾਂ ਖ਼ਿਲਾਫ਼ ਆਪਣਾ ਪੱਖ ਮਜਬੂਤ ਕਰ ਲਿਆ ਹੈ। ਵਿਜੀਲੈਂਸ ਅਨੁਸਾਰ ਸੈਣੀ ਨੂੰ ਇਸ ਕੇਸ ਵਿਚ ਬਿਨਾਂ ਨੋਟਿਸ ਤੋਂ ਗਿ੍ਰਫ਼ਤਾਰ ਕਰਨ ਦੇ ਮਾਮਲੇ ਵਿਚ ਕੋਈ ਰਾਹਤ ਨਹੀਂ ਮਿਲੀ ਹੋਈ ਸੀ।

Share