ਵਿਜੀਲੈਂਸ ਬਿਊਰੋ ਨੇ ਨਿੱਜੀ ਹਸਪਤਾਲਾਂ ਵੱਲੋਂ ਆਯੂਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ‘ਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਕੀਤਾ ਪਰਦਾਫਾਸ਼ 

99
Share

ਚੰਡੀਗੜ, 11 ਮਾਰਚ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ ਦੇ ਕੁੱਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ (ਆਯੁਸ਼ਮਾਨ ਭਾਰਤ) ਅਧੀਨ ਲਾਭਪਾਤਰੀਆਂ ਦਾ ਇਲਾਜ ਕਰਨ ਦੇ ਨਾਮ ਹੇਠ ਫਰਜ਼ੀ ਡਾਕਟਰੀ ਬਿੱਲਾਂ ਰਾਹੀਂ ਪ੍ਰਤੀਪੂਰਤੀ ਦੇ ਕਲੇਮਾਂ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਕੇ ਮੋਟੀਆਂ ਰਕਮਾਂ ਦੇ ਬੀਮਾ ਕਲੇਮ ਹਾਸਲ ਕੀਤੇ ਜਾਣ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਦੌਰਾਨ ਅਧਿਕਾਰਤ ਇਫਕੋ ਟੋਕੀਓ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰ ਦਿੱਤੇ ਗਏ ਜਿਸ ਕਰਕੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਘਾਟਾ ਪਿਆ ਹੈ।

​ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਮੁੱਖ ਡਾਇਰੈਕਟਰ ਤੇ ਡੀ.ਜੀ.ਪੀ. ਸ੍ਰੀ ਬੀ.ਕੇ.ਉੱਪਲ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਚੱਲ ਰਹੇ ਇਸ ਘੁਟਾਲੇ ਦੀ ਹਰ ਪੱਖ ਤੋਂ ਡੂੰਘਾਈ ਤੱਕ ਜਾਂਚ ਕਰਨ  ਇਕ ਵਿਜੀਲੈਂਸ ਇੰਨਕੁਆਰੀ ਦਰਜ ਕੀਤੀ ਗਈ ਹੈ ਤਾਂ ਜੋ ਇਸ ਯੋਜਨਾ ਅਧੀਨ ਪ੍ਰਾਈਵੇਟ ਹਸਪਾਤਲਾਂ ਵੱਲੋਂ ਕੀਤੀ ਜਾ ਰਹੀ ਵੱਡੀ ਘਪਲੇਬਾਜ਼ੀ ਕਰਕੇ ਆਪਣੇ ਆਪ ਨੂੰ ਵਿੱਤੀ ਲਾਭ ਪਹੁੰਚਾਉਣ ਸਬੰਧੀ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਰੱਦ ਕਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ।

​ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਵਿਜੀਲੈਂਸ ਬਿਉਰੋ, ਜਲੰਧਰ ਰੇਂਜ ਜਲੰਧਰ ਵੱਲੋਂ ਇਕੱਤਰ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਆਯੁਸ਼ਮਾਨ ਭਾਰਤ ਸਕੀਮ ਤਹਿਤ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਵੱਡੇ ਨਾਮੀ-ਗਰਾਮੀ ਹਸਪਤਾਲਾਂ ਵੱਲੋਂ ਸਮਾਰਟ ਸਿਹਤ ਕਾਰਡ ਧਾਰਕਾਂ ਦੇ ਨਾਮ ਉਤੇ ਮੋਟੀਆਂ ਰਕਮਾਂ ਦੇ ਫਰਜ਼ੀ ਡਾਕਟਰੀ ਬਿੱਲ ਤਿਆਰ ਕਰਕੇ ਵੱਡੇ ਪੱਧਰ ’ਤੇ ਘਪਲੇਬਾਜ਼ੀ ਕਰਕੇ ਬੀਮਾ ਕਲੇਮ ਹਾਸਲ ਕੀਤੇ ਜਾ ਰਹੇ ਹਨ। ਇੰਨਾਂ ਤਿੰਨ ਜ਼ਿਲਿਆਂ ਵਿੱਚ ਕੁੱਲ 35 ਸਰਕਾਰੀ ਹਸਪਤਾਲ ਅਤੇ 77 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਅਧੀਨ ਰਾਜ ਸਰਕਾਰ ਵੱਲੋਂ ਸੂਚੀਬੱਧ ਕੀਤੇ ਗਏ ਹਨ।

​ਸ੍ਰੀ ਉੱਪਲ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ ਵਿੱਚ ਚੱਲ ਰਹੇ ਇੱਕ ਨਾਮੀ ਹਸਪਤਾਲ (ਜਾਂਚ ਪ੍ਰਭਾਵਿਤ ਨਾ ਹੋਵੇ ਇਸ ਕਾਰਨ ਨਾਮ ਨਹੀਂ ਦਿੱਤਾ ਜਾ ਰਿਹਾ) ਨੇ ਇਸ ਸਾਲ ਦੌਰਾਨ ਕਰੀਬ 1282 ਵਿਅਕਤੀਆਂ ਦੇ ਇਲਾਜ ਲਈ ਕੁੱਲ 4,43,98,450 ਰੁਪਏ (ਚਾਰ ਕਰੋੜ ਤਰਤਾਲੀ ਲੱਖ ਅਠੱਨਵੇਂਹਜਾਰ ਚਾਰ ਸੌ ਪੰਜ ਰੁਪਏ) ਦਾ ਬੀਮਾ ਕਲੇਮ ਕੀਤਾ ਗਿਆ ਜਿਸ ਵਿੱਚੋਂ ਇਸ ਹਸਪਤਾਲ ਦੇ 519 ਕਲੇਮ ਰੱਦ ਹੋ ਗਏ ਅਤੇ ਬਾਕੀ ਰਹਿੰਦੇ ਕੇਸਾਂ ਵਿੱਚੋਂ ਕੁੱਲ 4,23,48,050 ਰੁਪਏ (ਚਾਰ ਕਰੋੜ ਤੇਈ ਲੱਖ ਅਠਤਾਲੀ ਹਜਾਰ ਪੰਜਾਹ ਰੁਪਏ) ਦੇ ਕਲੇਮ ਸਟੇਟ ਹੈਲਥ ਅਥਾਰਟੀ ਪੰਜਾਬ ਵੱਲੋਂ ਪਾਸ ਕੀਤੇ ਗਏ ਹਨ। ਪਾਸ ਹੋਈ ਇਸ ਰਾਸ਼ੀ 4,43,98,450 ਰੁਪਏ ਵਿੱਚੋਂ ਹੁਣ ਤੱਕ 1,86,59,150 ਰੁਪਏ  (ਇੱਕ ਕਰੋੜ ਛਿਆਸੀ ਲੱਖ ਉਨਾਹਟ ਹਜਾਰ ਇੱਕ ਸੌ ਪੰਜਾਹ ਰੁਪਏ) ਦੀ ਰਕਮ ਦੀ ਅਦਾਇਗੀ ਬੀਮਾ ਕੰਪਨੀ ‘ਇਫਕੋ ਟੋਕੀਓ’ ਵੱਲੋਂ ਉਕਤ ਹਸਪਤਾਲ ਨੂੰ ਕੀਤੀ ਜਾ ਚੁੱਕੀ ਹੈ।


Share