ਵਿਜੀਲੈਂਸ ਬਿਉਰੋ ਵੱਲੋਂ ਲੰਮੇ ਅਰਸੇ ਤੋਂ ਟਰਾਂਸਪੋਟਰਾਂ ਵੱਲੋਂ ਮਾਲ ਦੀ ਢੋਆ ਢੁਆਈ ਮੌਕੇ ਕਰੋੜਾਂ ਰੁਪਏ ਦਾ ਕਰ ਚੋਰੀ ਕਰਨ ਦਾ ਪਰਦਾ ਫਾਸ਼

52
Share

ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਲੜਕਾ, ਤਿੰਨ ਡਰਾਈਵਰ ਤੇ ਏਜੰਟ ਗਿ੍ਰਫਤਾਰ
ਕਰ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਸਮੇਤ ਟਰਾਂਸਪੋਰਟ ਕੰਪਨੀ ਦੇ ਮਾਲਕ, ਡਰਾਈਵਰ ਤੇ ਏਜੰਟ ਬਣੇ ਸਹਿਦੋਸ਼ੀ
ਚੰਡੀਗੜ, 24 ਸਤੰਬਰ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਰਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੀਤੀ ਰਾਤ ਗੁਆਂਢੀ ਸੂਬੇ ਹਰਿਆਣਾ ਅਤੇ ਦਿੱਲੀ ਦੇ ਰਸਤੇ ਪੰਜਾਬ ਵਿਚ ਟਰਾਂਸਪੋਰਟ ਕੰਪਨੀਆਂ ਵੱਲੋਂ ਬਿਨਾਂ ਟੈਕਸ ਅਤੇ ਬਿੱਲਾਂ ਤੋਂ ਵਪਾਰਕ ਸਾਮਾਨ ਲਿਆਉਣ ਸਬੰਧੀ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਵੱਲੋਂ ਭਿ੍ਰਸ਼ਟਾਚਾਰ ਅਤੇ ਆਪਸੀ ਮਿਲੀਭੁਗਤ ਕਾਰਨ ਲੰਮੇ ਅਰਸੇ ਤੋਂ ਸਰਕਾਰੀ ਖਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਚੱਲ ਰਹੇ ਵੱਡੇ ਘਪਲੇ ਦਾ ਪਰਦਾ ਫਾਸ਼ ਕੀਤਾ ਹੈ। ਇਸ ਸਬੰਧੀ ਦਿੱਲੀ ਮਾਲਵਾ ਟਰਾਂਸਪੋਰਟ ਕੰਪਨੀ ਦੇ ਮਾਲਕ, ਉਸਦਾ ਲੜਕਾ, ਤਿੰਨ ਡਰਾਈਵਰਾਂ ਤੇ ਇੱਕ ਪਾਸਰ (ਏਜੰਟ) ਸਮੇਤ ਕਰ ਤੇ ਆਬਕਾਰੀ ਵਿਭਾਗ ਪੰਜਾਬ ਦੇ ਕਰਮਚਾਰੀਆਂ/ਅਧਿਕਾਰੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਲੜਕਾ, ਤਿੰਨ ਡਰਾਈਵਰ ਅਤੇ ਇੱਕ ਪਾਸਰ ਨੂੰ ਗਿ੍ਰਫਤਾਰ ਕਰ ਲਿਆ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੇ ਬਠਿੰਡਾ ਯੂਨਿਟ ਵੱਲੋਂ ਪੁਖਤਾ ਜਾਣਕਾਰੀ ਦੇ ਆਧਾਰ ਉੱਤੇ ਟੀਮਾਂ ਬਣਾ ਕੇ ਬਠਿੰਡਾ ਵਿਖੇ ਮਾਲ ਢੋਣ ਵਾਲੀਆਂ ਸੱਕੀ ਗੱਡੀਆਂ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਪਤਾ ਲੱਗਾ ਕਿ ਤਿੰਨ ਗੱਡੀਆਂ ਵਿਚ ਲੱਦੇ ਹੋਏ ਸਾਮਾਨ ਵਿੱਚੋਂ ਕੁੱਝ ਸਮਾਨ ਬਿਲਟੀਆਂ ਅਤੇ ਬਿਲਾਂ ਤੋਂ ਬਗੈਰ ਹੀ ਪੰਜਾਬ ਵਿੱਚ ਲਿਆਂਦਾ ਜਾ ਰਿਹਾ ਸੀ। ਮੌਕੇ ਉਤੇ ਕੀਤੀ ਮੁੱਢਲੀ ਜਾਂਚ ਉਪਰੰਤ ਇਸ ਘਪਲੇਬਾਜੀ ਅਤੇ ਮਿਲੀਭੁਗਤ ਸਬੰਧੀ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 ਅਤੇ ਆਈ. ਪੀ. ਸੀ. ਦੀ ਧਾਰਾ 420, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ।
ਹੋਰ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਇਸ ਕੇਸ ਵਿਚ ਉੱਕਤ ਟਰਾਂਸਪੋਰਟ ਕੰਪਨੀ ਦੇ ਮਾਲਕ ਦਾ ਪੁੱਤਰ ਮਨਦੀਪ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ, ਡਰਾਈਵਰ ਸੰਜੇ ਕੁਮਾਰ ਵਾਸੀ ਪਿੰਡ ਕਾਵੇਲੀ ਜ਼ਿਲਾ ਜੌਨਪੁਰ ਉੱਤਰ ਪ੍ਰਦੇਸ, ਡਰਾਈਵਰ ਗੁਰਦਾਸ ਸਿੰਘ ਪਿੰਡ ਬਲਾਹੜ ਵਿੰਝੂ ਜ਼ਿਲਾ ਬਠਿੰਡਾ, ਡਰਾਈਵਰ ਜਗਸੀਰ ਸਿੰਘ ਵਾਸੀ ਪਿੰਡ ਸਿਕੰਦਰਪੁਰ ਥੇੜ ਜ਼ਿਲਾ ਸਿਰਸਾ ਨੂੰ ਗਿ੍ਰਫਤਾਰ ਕਰ ਲਿਆ ਹੈ ਜਦ ਕਿ ਉਕਤ ਕੰਪਨੀ ਦਾ ਮਾਲਕ ਜਗਸੀਰ ਸਿੰਘ ਵਾਸੀ ਜੁਝਾਰ ਨਗਰ ਬਠਿੰਡਾ ਨੂੰ ਛੇਤੀ ਹੀ ਗਿ੍ਰਫਤਾਰ ਕਰ ਲਿਆ ਜਾਵੇਗਾ ਜਿਸ ਤੋਂ ਹੋਰ ਵੱਡੇ ਖੁਲਾਸੇ ਹੋਣਗੇ। ਮੁਕੱਦਮੇ ਦੀ ਤਫਤੀਸ ਦੌਰਾਨ ਮਹਿਕਮੇ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਅਹੁਦੇ ਦੀ ਦੁਰਵਰਤੋਂ ਕਰਕੇ ਸਰਕਾਰ ਦਾ ਕਰ ਚੋਰੀ ਕਰਨ, ਧੋਖਾਧੜੀ ਤੇ ਮਿਲੀਭੁਗਤ ਨਾਲ ਰਿਸ਼ਵਤਾਂ ਹਾਸਲ ਕਰਨ ਸਬੰਧੀ ਵੀ ਹੋਰ ਤਫਤੀਸ਼ ਜਾਰੀ ਹੈ।

Share