ਵਿਗਿਆਨੀਆਂ ਵੱਲੋਂ ਕੋਰੋਨਾ ਮਰੀਜ਼ ਦੀ ਡੈੱਡ ਬੌਡੀ ਤੋਂ ਇਨਫੈਕਸ਼ਨ ਫੈਲਣ ਦੀ ਕੀਤੀ ਪੁਸ਼ਟੀ

406
Share

ਬੈਂਕਾਕ, 14 ਅਪ੍ਰੈਲ (ਪੰਜਾਬ ਮੇਲ)- ਪੂਰੇ ਵਿਸ਼ਵ ਵਿਚ ਕੋਵਿਡ-19 ਵਾਇਰਸ ਨੇ ਭਿਆਨਕ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਵਿਗਿਆਨੀਆਂ ਵੱਲੋਂ ਇਕ ਵੱਡਾ ਖੁਲਾਸਾ ਕੀਤਾ ਗਿਆ ਹੈ। ਇਸ ਗੱਲ ਦਾ ਖਦਸ਼ਾ ਤਾਂ ਪਹਿਲਾਂ ਤੋਂ ਹੀ ਸੀ ਪਰ ਹੁਣ ਵਿਗਿਆਨੀਆਂ ਨੇ ਕੋਰੋਨਾ ਮਰੀਜ਼ ਦੀ ਡੈੱਡ ਬੌਡੀ ਤੋਂ ਇਨਫੈਕਸ਼ਨ ਫੈਲਣ ਦੀ ਪੁਸ਼ਟੀ ਕਰ ਦਿੱਤੀ ਹੈ। ਮਿਰਰ.ਕੋ.ਯੂਕੇ ਦੀ ਰਿਪੋਰਟ ਮੁਤਾਬਕ ਜਰਨਲ ਆਫ ਫੋਰੈਂਸਿਕ ਐਂਡ ਲੀਗਲ ਮੈਡੀਸਨ ਸਟੱਡੀ ਨੇ ਕਿਹਾ ਹੈ ਕਿ ਥਾਈਲੈਂਡ ‘ਚ ਡੈੱਡ ਬੌਡੀ ਦੀ ਜਾਂਚ ਕਰਨ ਵਾਲਾ ਇਕ ਮੈਡੀਕਲ ਪੇਸ਼ੇਵਰ ਕੋਰੋਨਾ ਨਾਲ ਇਨਫੈਕਟਿਡ ਹੋ ਗਿਆ। ਇਹ ਪਹਿਲੀ ਵਾਰ ਹੈ ਜਦੋਂ ਡੈੱਡ ਬੌਡੀ ਨਾਲ ਕਿਸੇ ਵਿਅਕਤੀ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ।
ਜਰਨਲ ਆਫ ਫੋਰੈਂਸਿਕ ਐਂਡ ਲੀਗਲ ਮੈਡੀਸਨ ਸਟੱਡੀ ਦੇ ਮੁਤਾਬਕ ਮਾਰਚ ਵਿਚ ਹੀ ਡੈੱਡ ਬੌਡੀ ਜ਼ਰੀਏ ਮੈਡੀਕਲ ਜਾਂਚ ਕਰਨ ਵਾਲੇ ਇਨਫੈਕਟਿਡ ਹੋ ਗਏ। ਜਰਨਲ ‘ਚ ਇਹ ਰਿਪੋਰਟ ਚੀਨ ਦੇ ਹੈਨਾਨ ਮੈਡੀਕਲ ਯੂਨੀਵਰਸਿਟੀ ਦੇ ਵਿਰੋਜ ਵਿਵਾਨਿਟਕਿਟ ਅਤੇ ਬੈਂਕਾਕ ਦੇ ਆਰ.ਵੀ.ਟੀ. ਮੈਡੀਕਲ ਸੈਂਟਰ ਦੇ ਵਾਲ ਸ਼੍ਰੀਵਿਜਿਤਲਈ ਨੇ ਲਿਖੀ ਹੈ। ਇਸ ਤੋਂ ਪਹਿਲਾਂ ਥਾਈਲੈਂਡ ਦੇ ਕਈ ਅੰਤਿਮ ਸੰਸਕਾਰ ਘਰਾਂ ਨੇ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਮਗਰੋਂ 25 ਮਾਰਚ ਨੂੰ ਥਾਈਲੈਂਡ ਦੇ ਡਿਪਾਰਟਮੈਂਟ ਆਫ ਮੈਡੀਕਲ ਸਰਵਿਸਿਜ਼ ਦੇ ਪ੍ਰਮੁੱਖ ਨੇ ਦਾਅਵਾ ਕੀਤਾ ਸੀ ਕਿ ਡੈੱਡ ਬੌਡੀ ਤੋਂ ਇਨਫੈਕਸ਼ਨ ਨਹੀਂ ਫੈਲਦਾ।
ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਨਾਲ ਇਨਫੈਕਟਿਡ ਮਰੀਜ਼ ਦੀ ਡੈੱਡ ਬੌਡੀ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਲੋਕਾਂ ਅਤੇ ਅੰਤਿਮ ਸੰਸਕਾਰ ਘਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਨਿੱਜੀ ਸੁਰੱਖਿਆ ਉਪਕਰਣ ਦਿੱਤੇ ਜਾਣ। ਉੱਥੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ ਦੀ ਡੈੱਡ ਬੌਡੀ ਨਾਲ ਇਨਫੈਕਸ਼ਨ ਫੈਲਣ ਦਾ ਖਦਸ਼ਾ ਘੱਟ ਰਹਿੰਦਾ ਹੈ, ਜੇਕਰ ਮਰੀਜ਼ ਦੇ ਫੇਫੜੇ ਦੇ ਸੰਪਰਕ ‘ਚ ਆਉਣ ਤੋਂ ਬਚਿਆ ਜਾਵੇ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਮਰੀਜ਼ ਦੀ ਮੌਤ ‘ਤੇ ਅੰਤਿਮ ਸੰਸਕਾਰ ਦੇ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਭਾਵੇਂਕਿ ਹੁਣ ਤੱਕ ਇਸ ਬਾਰੇ ਵਿਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਦੁਨੀਆਂ ਵਿਚ ਡੈੱਡ ਬੌਡੀ ਦੇ ਸੰਪਰਕ ‘ਚ ਕਿੰਨੇ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਗਏ।


Share