ਵਿਗਿਆਨੀਆਂ ਵੱਲੋਂ ਕੋਰੋਨਾਵਾਇਰਸ ਨੂੰ ਹਵਾ ‘ਚ ਮਾਰਨ ਵਾਲੇ ‘ਏਅਰ ਫਿਲਟਰ’ ਬਣਾਉਣ ਦਾ ਦਾਅਵਾ!

614
Share

ਹਿਊਸਟਨ, 9 ਜੁਲਾਈ (ਪੰਜਾਬ ਮੇਲ)- ਵਿਗਿਆਨੀਆਂ ਨੇ ਇਕ ਅਜਿਹਾ ਫਿਲਟਰ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਕਿ ਕੋਰੋਨਾ ਵਾਇਰਸ ਨੂੰ ਹਵਾ ਵਿਚ ਮਾਰਨ ‘ਚ ਸਮਰੱਥ ਹੈ। ਇਹ ਹਵਾ ਵਿਚ ਮੌਜੂਦ ਵਾਇਰਸ ਨੂੰ ਫਿਲਟਰ ਕਰਦਾ ਹੈ ਅਤੇ ਫਿਰ ਇਸ ਨੂੰ ਖ਼ਤਮ ਕਰ ਦਿੰਦਾ ਹੈ। ਵਿਗਿਆਨੀਆਂ ਦੀ ਇਹ ਖੋਜ ਸਕੂਲ, ਹਸਪਤਾਲਾਂ ਅਤੇ ਹਵਾਈ ਜਹਾਜ਼ਾਂ ਜਿਵੇਂ ਬੰਦ ਥਾਵਾਂ ‘ਤੇ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਨੂੰ ਰੋਕਣ ਵਿਚ ਸਹਾਇਤਾ ਕਰ ਸਕਦੀ ਹੈ।
ਜਰਨਲ ‘ਮੈਟੀਰੀਅਲ ਟੂਡੇ ਫਿਜ਼ਿਕਸ’ ਵਿਚ ਪ੍ਰਕਾਸ਼ਿਤ ਅਧਿਐਨ ਅਨੁਸਾਰ ਇਸ ‘ਏਅਰ ਫਿਲਟਰ’ ਨੇ ਇਕ ਵਾਰ ਵਿਚ ਹੀ ਆਪਣੇ ਵਿਚੋਂ ਲੰਘਣ ਵਾਲੀ ਹਵਾ ‘ਚੋਂ ਕੋਰੋਨਾ ਨੂੰ 99.8 ਫ਼ੀਸਦੀ ਖ਼ਤਮ ਕੀਤਾ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਉਪਕਰਨ ਨੂੰ ਵਪਾਰਕ ਤੌਰ ‘ਤੇ ਉਪਲੱਬਧ ਨਿਕੇਲ ਫੋਮ ਨੂੰ 200 ਡਿਗਰੀ ਸੈਲਸੀਅਸ ਤਕ ਗਰਮ ਕਰ ਕੇ ਬਣਾਇਆ ਗਿਆ। ਇਸ ਨੇ ਮਾਰੂ ਬੈਕਟੀਰੀਆ ਬੈਸੀਲਸ ਐਂਥਰੇਸਿਸ ਦੇ 99. 9 ਫ਼ੀਸਦੀ ਬੀਜਾਣੂ ਨੂੰ ਨਸ਼ਟ ਕਰ ਦਿਤਾ। ਬੈਸੀਲਸ ਐਂਥਰੇਸਿਸ ਤੋਂ ਐਂਥ੍ਰੈਕਸ ਬਿਮਾਰੀ ਹੁੰਦੀ ਹੈ। ਅਮਰੀਕਾ ਯੂਨੀਵਰਸਿਟੀ ਦੇ ਹਿਊਸਟਨ (ਯੂ.ਐੱਚ.) ਦੇ ਅਧਿਐਨ ਵਿਚ ਸ਼ਾਮਲ ਜ਼ਿਫੇਂਗ ਰੇਨ ਨੇ ਕਿਹਾ, ”ਇਹ ਫਿਲਟਰ ਹਵਾਈ ਅੱਡਿਆਂ ਅਤੇ ਹਵਾਈ ਜਹਾਜ਼ਾਂ ਵਿਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ, ਦਫ਼ਤਰੀ ਇਮਾਰਤਾਂ, ਸਕੂਲਾਂ ਅਤੇ ਕਰੂਜ਼ ਸਮੁੰਦਰੀ ਜਹਾਜ਼ਾਂ ਵਿਚ ਲਾਭਦਾਇਕ ਸਿੱਧ ਹੋ ਸਕਦਾ ਹੈ।”
ਉਨ੍ਹਾਂ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਵਿਚ ਸਹਾਇਤਾ ਕਰਨ ਦੀ ਇਸ ਦੀ ਯੋਗਤਾ ਸਮਾਜ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਵਿਗਿਆਨੀਆਂ ਅਨੁਸਾਰ ਕਿਉਂਕਿ ਇਹ ਵਾਇਰਸ ਲਗਭਗ ਤਿੰਨ ਘੰਟੇ ਹਵਾ ਵਿਚ ਰਹਿ ਸਕਦਾ ਹੈ, ਇਸ ਲਈ ਇਕ ਫਿਲਟਰ ਬਣਾਉਣ ਦੀ ਯੋਜਨਾ ਸੀ, ਜੋ ਇਸ ਨੂੰ ਜਲਦੀ ਖ਼ਤਮ ਕਰ ਦੇਵੇ ਅਤੇ ਦੁਨੀਆਂ ਭਰ ਵਿਚ ਕਾਰਜ ਮੁੜ ਸ਼ੁਰੂ ਕੀਤੇ ਜਾਣ। ਉਨ੍ਹਾਂ ਦਾ ਮੰਨਣਾ ਹੈ ਕਿ ਬੰਦ ਥਾਵਾਂ ‘ਤੇ ਵਾਇਰਸ ਨੂੰ ਕਾਬੂ ਵਿਚ ਰੱਖਣਾ ਜ਼ਰੂਰੀ ਹੈ। ਰੇਨ ਨੇ ਕਿਹਾ ਕਿ ਨਿਕੇਲ ਫ਼ੋਮ ਬਹੁਤ ਸਾਰੀਆਂ ਮਹੱਤਵਪੂਰਨ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ।


Share