ਵਿਕਟੋਰੀਆ ‘ਚ ਵਾਪਰੇ ਦਰਦਨਾਕ ਹਾਦਸੇ ‘ਚ 27 ਸਾਲਾ ਪੰਜਾਬੀ ਨੌਜਵਾਨ ਦੀ ਮੌਤ

618
Share

ਵਿਕਟੋਰੀਆ, 16 ਅਕਤੂਬਰ (ਪੰਜਾਬ ਮੇਲ)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਖੇਤਰੀ ਇਲਾਕੇ ਮਲਡੂਰਾ ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ 27 ਸਾਲਾ ਨੌਜਵਾਨ ਗਗਨਦੀਪ ਸਿੰਘ ਚਾਹਲ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਸਿੰਘ, ਜੋ ਕਿ ਪੇਸ਼ੇ ਵਜੋਂ ਟਰੱਕ ਚਾਲਕ ਸੀ, ਐਡੀਲੇਡ ਤੋਂ ਵਾਪਸ ਘਰ ਪਰਤ ਰਿਹਾ ਸੀ ਤੇ ਸੰਤੁਲਨ ਵਿਗੜਨ ਕਰਕੇ ਉਸ ਦਾ ਟਰੱਕ ਸੜਕ ਕੰਢੇ ਲੱਗੇ ਰੁੱਖਾਂ ਨਾਲ ਜਾ ਟਕਰਾਇਆ।
ਹਾਦਸਾ ਇੰਨਾ ਭਿਆਨਕ ਸੀ ਕਿ ਰੁੱਖਾਂ ਨਾਲ ਟਕਰਾਉਂਦੇ ਸਾਰ ਹੀ ਟਰੱਕ ਨੇ ਅੱਗ ਫੜ ਲਈ ਅਤੇ ਗਗਨਦੀਪ ਆਪਣੇ ਆਪ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਸਕਿਆ। ਭਿਆਨਕ ਅੱਗ ਦੀ ਚਪੇਟ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ। ਜਾਣਕਾਰਾਂ ਵੱਲੋਂ ਟਰੱਕ ਵਿੱਚ ਤਕਨੀਕੀ ਨੁਕਸ ਪੈਣ ਕਰਕੇ ਸੰਤੁਲਨ ਵਿਗੜਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਸਮੁੱਚੇ ਘਟਨਾਕ੍ਰਮ ਦੀ ਜਾਂਚ ਪੜਤਾਲ ਕਰ ਰਹੀ ਹੈ।
ਮ੍ਰਿਤਕ ਪੰਜਾਬ ਦੇ ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਸੀ ਤੇ ਇਸ ਸਮੇਂ ਪੱਕੀ ਰਿਹਾਇਸ਼ ਦੀ ਉਡੀਕ ਕਰ ਰਿਹਾ ਸੀ। ਗਗਨਦੀਪ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੇ ਪਿੱਛੇ ਅੱਠ ਮਹੀਨਿਆਂ ਦੀ ਬੱਚੀ ਅਤੇ ਪਤਨੀ ਨੂੰ ਛੱਡ ਗਿਆ ਹੈ। ਕੋਰੋਨਾ ਪਾਬੰਦੀਆਂ ਹੋਣ ਕਰਕੇ ਮ੍ਰਿਤਕ ਦਾ ਸੰਸਕਾਰ ਮੈਲਬੌਰਨ ਵਿਖੇ ਕੀਤਾ ਜਾਵੇਗਾ। ਇਸ ਹਾਦਸੇ ਤੇ ਪੰਜਾਬੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।


Share