ਵਿਆਹਾਂ ਦੇ ਘਟਣ ਕਾਰਨ ਘੱਟ ਰਹੀ ਜਨਮ ਦਰ ਤੋਂ ਚਿੰਤਤ ਹੋਇਆ ਚੀਨ

248
Share

ਸਾਲ 2021 ’ਚ ਸਭ ਤੋਂ ਘੱਟ ਵਿਆਹ ਦਰਜ ਹੋਏ
ਪੇਈਚਿੰਗ, 2 ਅਪ੍ਰੈਲ (ਪੰਜਾਬ ਮੇਲ)- ਚੀਨ ਵਿਚ ਪਿਛਲੇ ਵਰ੍ਹੇ ਵਿਆਹਾਂ ਦੀ ਗਿਣਤੀ ਘੱਟ ਕੇ 36 ਸਾਲਾਂ ਵਿਚ ਸਭ ਤੋਂ ਹੇਠਾਂ ਚਲੀ ਗਈ, ਜਿਸ ਕਾਰਨ ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲੇ ਇਸ ਦੇਸ਼ ਵਿਚ ਆਬਾਦੀ ਸੰਕਟ ਜ਼ੋਰ ਫੜ ਰਿਹਾ ਹੈ। ਇਸੇ ਦੌਰਾਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਵਿਚ ਜਨਮ ਦਰ ਵਿਚ ਗਿਰਾਵਟ ਆਵੇਗੀ। ਅੰਕੜਿਆਂ ਮੁਤਾਬਕ ਚੀਨ ਵਿਚ 2021 ’ਚ 76.3 ਲੱਖ ਜੋੜਿਆਂ ਨੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾਈ ਹੈ, ਜੋ ਕਿ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਵੱਲੋਂ 1986 ਤੋਂ ਜਾਰੀ ਅੰਕੜਿਆਂ ਦੇ ਲਿਹਾਜ਼ ਤੋਂ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ। ਸਰਕਾਰੀ ਅਖ਼ਬਾਰ ‘ਗਲੋਬਲ ਟਾਈਮਜ਼’ ਨੇ ਅੰਕੜਿਆਂ ਨਾਲ ਸਬੰਧਤ ਸੁਤੰਤਰ ਮਾਹਿਰ ਹੀ ਯਾਫੂ ਦੇ ਹਵਾਲੇ ਨਾਲ ਲਿਖਿਆ ਕਿ ਵਿਆਹ ਰਜਿਸ਼ਟਰੇਸ਼ਨ ਦੀ ਗਿਣਤੀ ਆਈ ਗਿਰਾਵਟ ਨਾਲ ਚੀਨ ਵਿਚ ਜਨਮ ਦਰ ਵਿਚ ਵੀ ਗਿਰਾਵਟ ਦਰਜ ਹੋਵੇਗੀ। ਕੌਮੀ ਅੰਕੜਾ ਬਿਊਰੋ ਮੁਤਾਬਕ (ਐੱਨ.ਬੀ.ਐੱਸ.) ਦੇ ਸਾਲਾਨਾ ਤੁਲਨਾਤਮਕ ਅਧਿਐਨ ਮੁਤਾਬਕ ਪਿਛਲੇ ਸਾਲ ਚੀਨ ਦੀ ਆਬਾਦੀ ਪੰਜ ਲੱਖ ਤੋਂ ਘੱਟ ਵਧੀ ਹੈ, ਜੋ ਕਿ ਲਗਾਤਾਰ ਪੰਜਵੇਂ ਸਾਲ ਘੱਟ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ ਪਿਛਲੇ ਤਿੰਨ ਸਾਲਾਂ ਵਿਚ ਵਿਆਹ ਰਜਿਸਟਰੇਸ਼ਨ ਦੇ ਮਾਮਲਿਆਂ ਗਿਰਾਵਟ ਦਰਜ ਹੋਈ ਹੈ। ਸਾਲ 2019 ਵਿਚ ਇੱਕ ਕਰੋੜ ਤੋਂ ਘੱਟ ਜੋੜਿਆਂ ਨੇ ਵਿਆਹ ਰਜਿਸਟਰ ਕਰਵਾਏ, ਜਦਕਿ 2020 ਵਿਚ ਅੰਕੜਾ 90 ਲੱਖ ਤੋਂ ਘੱਟ ਜਦਕਿ 2021 ਵਿਚ 80 ਲੱਖ ਤੋਂ ਘੱਟ ਰਿਹਾ ਹੈ। ਗਲੋਬਲ ਟਾਈਮਜ਼ ਦੀ ਖ਼ਬਰ ਮੁਤਾਬਕ 2021 ਵਿਚ ਜਿਨ੍ਹਾਂ ਜੋੜਿਆਂ ਨੇ ਵਿਆਹ ਕਰਵਾਇਆ, ਉਹ 2013 ਦੇ ਅੰਕੜਿਆਂ ਦੇ ਮੁਕਾਬਲੇ ਮਹਿਜ਼ 56.6 ਫ਼ੀਸਦੀ ਹੈ।

Share