ਵਾਸ਼ਿੰਗਟਨ ‘ਚ ਕੈਪੀਟਲ ਇਮਾਰਤ ਦੀ ਸੁਰੱਖਿਆ ਵਾੜ ਨੂੰ ਅਗਲੇ ਹਫਤੇ ਜਾ ਸਕਦਾ ਹੈ ਹਟਾਇਆ 

337
Share

ਫਰਿਜ਼ਨੋ, 3 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕੀ ਕੈਪੀਟਲ ਕੰਪਲੈਕਸ ਦੇ ਘੇਰੇ ਦੇ ਆਲੇ ਦੁਆਲੇ ਦੀ ਸੁਰੱਖਿਆ ਵਾੜ ਰਿਪੋਰਟਾਂ ਦੇ ਅਨੁਸਾਰ ਅਗਲੇ ਹਫਤੇ 8 ਜੁਲਾਈ ਤੋਂ ਹਟਾ ਦਿੱਤੀ ਜਾਵੇਗੀ। ਇਸ ਵਾੜ ਦਾ ਨਿਰਮਾਣ 6 ਜਨਵਰੀ ਨੂੰ ਹੋਏ ਦੰਗਿਆਂ ਕਰਕੇ ਇਮਾਰਤ ਨੂੰ ਸੁਰੱਖਿਅਤ ਰੱਖਣ ਲਈ ਹੋਇਆ ਸੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰੱਥਕਾਂ ਦੁਆਰਾ 6 ਜਨਵਰੀ ਨੂੰ ਕੈਪੀਟਲ ਕੰਪਲੈਕਸ ਦੀ ਭੰਨ ਤੋੜ ਕਰਨ ਤੋਂ ਬਾਅਦ ਕੰਡਿਆਲੀ ਤਾਰ ਦੀਆਂ ਦੋ ਕਤਾਰਾਂ ਖੜ੍ਹੀਆਂ ਕੀਤੀਆਂ ਗਈਆਂ ਸਨ। ਹਾਊਸ ਦੇ ਸਾਰਜੈਂਟ-ਏਟ-ਆਰਮਜ਼ ਟਿਮ ਬਲੌਡਜੈਟ ਦੁਆਰਾ ਸੰਸਦ ਮੈਂਬਰਾਂ ਨੂੰ ਕਾਂਗਰਸ ਜਾਂ ਕੈਪੀਟਲ ਕੰਪਲੈਕਸ ਲਈ ਕੋਈ ਖਤਰਾ ਮੌਜੂਦ ਨਾ ਹੋਣ ਸਬੰਧੀ ਕਹਿਣ ਦੇ ਬਾਅਦ ਮਾਰਚ ਵਿੱਚ ਬਾਹਰੀ ਵਾੜ ਦੀ ਰਿੰਗ ਉਤਾਰ ਦਿੱਤੀ ਗਈ ਸੀ। ਵਾਸ਼ਿੰਗਟਨ ਵਿੱਚ ਦੋਵਾਂ ਧਿਰਾਂ ਦੇ ਸੰਸਦ ਮੈਂਬਰਾਂ ਦੇ ਨਾਲ-ਨਾਲ ਸਥਾਨਕ ਅਧਿਕਾਰੀਆਂ ਨੇ  ਕੰਡਿਆਲੀ ਤਾਰ ਦੀ ਲੰਮੀ ਮੌਜੂਦਗੀ ‘ਤੇ ਇਤਰਾਜ਼ ਜਤਾਇਆ ਸੀ, ਕਿਉਕਿ ਇਸ ਨੇ ਰਾਜਧਾਨੀ ਨੂੰ ਕਿਲ੍ਹੇ ਵਿੱਚ ਬਦਲ ਦਿੱਤਾ ਸੀ।ਇਮਾਰਤ ਵਿੱਚ ਕੰਡਿਆਲੀ ਵਾੜ ਲਗਾਉਣ ਦੇ ਨਾਲ ਜਿਆਦਾ ਸੁਰੱਖਿਆ ਲਈ ਲੱਗਭਗ 5,200 ਨੈਸ਼ਨਲ ਗਾਰਡ ਦੀਆਂ ਫੌਜਾਂ ਵੀ ਕੈਪੀਟਲ ਕੰਪਲੈਕਸ ਦੀ ਨਿਗਰਾਨੀ ਕਰ ਰਹੀਆਂ ਸਨ। ਇਸ ਹਫ਼ਤੇ, ਹਾਊਸ ਨੇ ਸਪੀਕਰ ਨੈਨਸੀ ਪੇਲੋਸੀ ਦੁਆਰਾ ਦੰਗਿਆਂ ਦੀ ਜਾਂਚ ਲਈ 13 ਮੈਂਬਰੀ ਚੋਣ ਕਮੇਟੀ ਬਣਾਉਣ ਲਈ ਮਤੇ ਨੂੰ ਮਨਜ਼ੂਰੀ ਦੇਣ ਲਈ ਵੀ ਵੋਟ ਦਿੱਤੀ ਹੈ।

Share