ਵਾਸ਼ਿੰਗਟਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਰਤੀ ਭਾਈਚਾਰੇ ਵੱਲੋਂ ਸ਼ਾਨਦਾਰ ਸਵਾਗਤ

474
ਵਾਸ਼ਿੰਗਟਨ,ਡੀ ਸੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਮੂਲ ਦੇ ਅਮਰੀਕੀਆਂ ਨਾਲ ਹੱਥ ਮਿਲਾਉਂਦੇ ਹੋਏ
Share

 * ਪ੍ਰਧਾਨ ਮੰਤਰੀ ਨੇ ਲੋਕਾਂ ਨਾਲ ਹੱਥ ਮਿਲਾਇਆ ਤੇ ਹਾਲ ਚਾਲ ਪੁੱਛਿਆ

ਸੈਕਰਾਮੈਂਟੋ, 24 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ 3 ਦਿਨਾ ਦੌਰੇ ਉਪਰ ਆਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾਸ਼ਿੰਗਟਨ, ਡੀ ਸੀ ਵਿਚ  ਜੋਆਇੰਟ ਬੇਸ ਐਂਡਰੀਊਜ ਵਿਖੇ ਭਾਰਤੀ ਮੂਲ ਦੇ ਅਮਰੀਕੀ ਭਾਈਚਾਰੇ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਉਨਾਂ ਨੂੰ ਜੀ ਆਇਆਂ ਕਿਹਾ ਗਿਆ। ਲੋਕਾਂ ਨੇ ਹੱਥਾਂ ਵਿਚ ਭਾਰਤੀ ਝੰਡੇ ਫੜੇ ਹੋਏ ਸਨ ਤੇ ਉਹ ਮੋਦੀ- ਮੋਦੀ ਕਹਿਕੇ ਪ੍ਰਧਾਨ ਮੰਤਰੀ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਇਜਹਾਰ ਕਰ ਰਹੇ ਸਨ। ਇਸ ਮੌਕੇ ਹਲਕੀ ਬੂੰਦਾ ਬਾਂਦੀ ਹੋ ਰਹੀ ਸੀ ਪਰ ਭਾਰਤੀਆਂ ਦੇ ਉਤਸ਼ਾਹ ਵਿਚ ਕੋਈ ਕਮੀ ਨਜਰ ਨਹੀਂ ਆਈ। ਪ੍ਰਧਾਨ ਮੰਤਰੀ ਕਾਰਾਂ ਦੇ ਕਾਫਲੇ ਨੂੰ ਰੁਕਵਾ ਕੇ ਆਪਣੀ ਕਾਰ ਵਿਚੋਂ ਉਤਰੇ ਤੇ ਉਨਾਂ ਨੇ ਸੜਕ ਕੰਢੇ ਖੜੇ ਲੋਕਾਂ ਨਾਲ ਹੱਥ ਮਿਲਾਇਆ ਤੇ ਉਨਾਂ ਦਾ ਹਾਲ ਚਾਲ ਪੁੱਛਿਆ। ਉਹ ਸਾਰਾ ਸਮਾਂ ਮੁਸਕਰਾਉਂਦੇ ਰਹੇ। ਇਸ ਮੌਕੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਾਨੂੰ ਮੀਂਹ ਦੀ ਪਰਵਾਹ ਨਹੀਂ ਹੈ। ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣਾ ਚਹੁੰਦੇ ਸੀ ਤੇ ਸਾਡੀ ਇਹ ਇੱਛਾ ਪੂਰੀ ਹੋਣ ‘ਤੇ ਅਸੀਂ ਬਹੁਤ ਖੁਸ਼ ਮਹਿਸੂਸ ਕਰ ਰਹੇ ਹਾਂ। ਅਫਗਾਨਿਸਤਾਨ ਵਿਚ ਪੈਦਾ ਹੋਏ ਨਵੇਂ ਸੰਕਟ ਦੇ ਮੱਦੇਨਜਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਬਹੁਤ ਅਹਿਮ ਸਮਝਿਆ ਜਾਂਦਾ ਹੈ। ਇਸ ਦੌਰੇ ਦੌਰਾਨ ਅਫਗਾਨਿਸਤਾਨ ਦੇ ਮੁੱਦੇ ‘ਤੇ ਦੋਨਾਂ ਦੇਸ਼ਾਂ ਵਿਚਾਲੇ ਇਕ ਸਾਂਝੀ ਰਾਏ ਬਣਨ ਦੀ ਸੰਭਾਵਨਾ ਕੀਤੀ ਜਾ ਰਹੀ ਹੈ। ਅਮਰੀਕਾ ਚਹੁੰਦਾ ਹੈ ਕਿ ਭਾਰਤ ਅਫਗਾਨਿਸਤਾਨ ਨਾਲ ਆਪਣੇ ਸਬੰਧ ਕਾਇਮ ਰਖੇ ਤਾਂ ਜੋ ਅੱਤਵਾਦੀ ਮੌਕੇ ਦਾ ਫਾਇਦਾ ਨਾ ਉਠਾ ਸਕਣ।


Share