ਫਰਿਜ਼ਨੋ, 15 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਰਾਸ਼ਟਰਪਤੀ ਟਰੰਪ ਦੇ ਸਮਰੱਥਕਾਂ ਦੁਆਰਾ ਉਸਦੇ ਹੱਕ ਵਿਚ ਕੀਤੀ ਗਈ ਰੈਲੀ ਤੋਂ ਬਾਅਦ ਵਾਸ਼ਿੰਗਟਨ ਵਿਚ ਹੋਈਆਂ ਝੜਪਾਂ ਦੌਰਾਨ ਕਈ ਲੋਕ ਜ਼ਖਮੀ ਹੋਏ ਹਨ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਾਸ਼ਿੰਗਟਨ ਡੀ.ਸੀ. ਵਿਚ ਹਿੰਸਾ ਦੀ ਇਸ ਰਾਤ ਅੱਠ ਪੁਲਿਸ ਅਧਿਕਾਰੀ ਵੀ ਜ਼ਖਮੀ ਹੋਏ ਅਤੇ ਚਾਰ ਲੋਕਾਂ ਨੂੰ ਬਲੈਕ ਲਿਵਜ਼ ਮੈਟਰ ਪਲਾਜ਼ਾ ਦੇ ਨੇੜੇ ਚਾਕੂ ਵੀ ਮਾਰਿਆ ਗਿਆ। ਡੀ.ਸੀ. ਮੈਟਰੋਪੋਲੀਟਨ ਪੁਲਿਸ ਅਨੁਸਾਰ ਇਸ ਹਿੰਸਾ ਦੇ ਸੰਬੰਧ ਵਿਚ ਐਤਵਾਰ ਨੂੰ 33 ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ। ਰਾਸ਼ਟਰਪਤੀ ਟਰੰਪ ਨੂੰ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਉਨ੍ਹਾਂ ਦੁਆਰਾ ਚੋਣ ਨਤੀਜਿਆਂ ਨੂੰ ਗਲਤ ਸਾਬਿਤ ਕਰਨ ਲਈ ਚਲਾਈ ਗਈ ਮੁਹਿੰਮ ਦੀ ਹਮਾਇਤ ਕਰਨ ਲਈ ਸ਼ਨੀਵਾਰ ਨੂੰ ਟਰੰਪ ਪੱਖੀ ਰੈਲੀਆਂ ਤੋਂ ਬਾਅਦ ਇਹ ਹਿੰਸਾ ਹੋਈ ਹੈ। ਇਸ ਦੌਰਾਨ ਟਰੰਪ ਦੇ ਸਮਰਥਕ ਅਤੇ ਵਿਰੋਧੀ ਪ੍ਰਦਰਸ਼ਨਕਾਰੀ ਫ੍ਰੀਡਮ ਪਲਾਜ਼ਾ ਅਤੇ ਬਲੈਕ ਲਿਵਜ਼ ਮੈਟਰ ਪਲਾਜ਼ਾ ਦੇ ਖੇਤਰ ਵਿਚ ਸਨ ਪਰ ਇਹ ਅਸਪੱਸ਼ਟ ਹੈ ਕਿ ਕਿਹੜੇ ਸਮੂਹ ਲੜ ਰਹੇ ਸਨ। ਪਰ ਰਾਤ ਨੂੰ ਹੋਈਆਂ ਝੜਪਾਂ ਵਿਚ ਪੁਲਿਸ ਅਨੁਸਾਰ ਵਾਸ਼ਿੰਗਟਨ ਡੀ.ਸੀ. ਦੇ ਉੱਤਰ ਪੱਛਮ ਵਿਚ ਅਤੇ ਬਲੈਕ ਲਾਈਵਜ਼ ਮੈਟਰ ਪਲਾਜ਼ਾ ਦੇ ਨਜ਼ਦੀਕ 9 ਵਜੇ ਦੇ ਕਰੀਬ ਛੁਰੇਮਾਰੀ ਦੀ ਘਟਨਾ ਵਾਪਰੀ, ਜੋ ਕਿ ਇੱਕ ਬਹਿਸ ਤੋਂ ਬਾਅਦ ਹੋਈ ਸੀ। ਇਸ ਛੁਰੇਮਾਰੀ ਵਿਚ ਜ਼ਖਮੀ ਹੋਏ ਪੀੜਤਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ 29 ਸਾਲਾ ਫਿਲਿਪ ਜਾਨਸਨ ਨੂੰ ਜਾਨਲੇਵਾ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ । ਇਸ ਦੌਰਾਨ ਵਾਸ਼ਿੰਗਟਨ ਡੀ.ਸੀ. ਈ.ਐੱਮ.ਐੱਸ. ਦੇ ਅਨੁਸਾਰ, ਘੱਟੋ-ਘੱਟ ਨੌਂ ਜਖਮੀ ਲੋਕਾਂ ਨੂੰ ਖੇਤਰ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿਨ੍ਹਾਂ ਵਿਚ ਦੋ ਅਧਿਕਾਰੀ ਵੀ ਸ਼ਾਮਲ ਹਨ।