ਵਾਸ਼ਿੰਗਟਨ ’ਚ 12 ਸਾਲ ਦਾ ਲੜਕਾ ਹਥਿਆਰ ਦੀ ਨੋਕ ਤੇ ਕਾਰਾਂ ਖੋਹਣ ਦੇ ਦੋਸ਼ ਵਿੱਚ ਹੋਇਆ ਗਿ੍ਰਫਤਾਰ

133
Share

ਫਰਿਜ਼ਨੋ, 8 ਮਾਰਚ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਵਾਸ਼ਿੰਗਟਨ, ਡੀ.ਸੀ. ਵਿਚ ਪੁਲਿਸ ਦੁਆਰਾ ਇੱਕ 12 ਸਾਲਾਂ ਲੜਕੇ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਸ ਉੱਪਰ ਸ਼ਹਿਰ ਵਿਚ ਤਕਰੀਬਨ ਇੱਕ ਘੰਟੇ ਦੌਰਾਨ ਹਥਿਆਰਬੰਦ ਹੋਕੇ ਚਾਰ ਕਾਰਾਂ ਲੁੱਟਣ ਦਾ ਇਲਜ਼ਾਮ ਲਗਾਇਆ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਾਂ ਦੀ ਲੁੱਟ ਦਾ ਇਹ ਸਿਲਸਿਲਾ ਵੀਰਵਾਰ 4 ਮਾਰਚ ਸ਼ਾਮੀ ਤਕਰੀਬਨ 6: 29 ਵਜੇ ਸ਼ੁਰੂ ਹੋਇਆ। ਇਸ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੇ ਇੱਕ ਵਾਹਨ ’ਚ ਬੈਠੇ ਇੱਕ ਵਿਅਕਤੀ ’ਤੇ ਬੰਦੂਕ ਤਾਣ ਕੇ ਉਸਨੂੰ ਵਾਹਨ ਤੋਂ ਬਾਹਰ ਨਿਕਲ ਜਾਣ ਲਈ ਕਿਹਾ, ਜਿਸ ਉਪਰੰਤ ਵਾਹਨ ਚਾਲਕ ਆਪਣੀ ਕਾਰ ਛੱਡ ਕੇ ਭੱਜ ਗਿਆ। ਦੋਵਾਂ ਦੋਸ਼ੀਆਂ ਨੇ 46 ਮਿੰਟ ਬਾਅਦ ਤਕਰੀਬਨ 7:15 ਵਜੇ ਪਹਿਲੀ ਘਟਨਾ ਦੇ ਸਥਾਨ ਤੋਂ ਕੁੱਝ ਬਲਾਕ ਦੂਰ ਦੁਬਾਰਾ ਇਸੇ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਤੋਂ ਤਕਰੀਬਨ ਪੰਜ ਮਿੰਟ ਬਾਅਦ ਲਗਭਗ 7:20 ਵਜੇ, ਸ਼ੱਕੀ ਲੜਕਿਆਂ ਨੇ ਇੱਕ ਤੀਸਰੀ ਕਾਰ ਤੱਕ ਪਹੁੰਚ ਕੀਤੀ ਅਤੇ ਕਾਰ ਮਾਲਕ ਨੂੰ ਬੰਦੂਕ ਦਿਖਾਉਂਦਿਆਂ ਚਾਬੀਆਂ ਦੀ ਮੰਗ ਕੀਤੀ। ਇਸ ਕਰਕੇ ਇਹ ਕਾਰ ਮਾਲਕ ਵੀ ਪੈਦਲ ਹੀ ਘਟਨਾ ਸਥਾਨ ਤੋਂ ਚਲਾ ਗਿਆ। ਇਸ ਤੋਂ ਬਾਅਦ ਕਰੀਬ 7:24 ਵਜੇ, ਸ਼ੱਕੀਆਂ ਨੇ ਉੱਤਰ ਪੂਰਬ ਦੇ ਈਵਰਟਸ ਸਟ੍ਰੀਟ ਦੇ 1000 ਬਲਾਕ ਵਿੱਚ ਇੱਕ ਆਖਰੀ ਵਾਹਨ ਕੋਲ ਪਹੁੰਚ ਕੀਤੀ ਅਤੇ ਪੀੜਤ ਵਿਅਕਤੀ ਨੂੰ ਬੰਦੂਕ ਦੇ ਜੋਰ ਤੇ ਬਾਹਰ ਨਿਕਲਣ ਲਈ ਕਿਹਾ ਪਰ ਵਾਹਨ ਮਾਲਕ ਵੱਲੋਂ ਵਿਰੋਧ ਕਰਨ ਤੇ ਦੋਵੇਂ ਸ਼ੱਕੀ ਉਸਦੀ ਗੱਡੀ ਲੈ ਕੇ ਭੱਜ ਗਏ। ਪੁਲਿਸ ਦੁਆਰਾ ਸ਼ੱਕੀਆਂ ਵਿਚੋਂ ਇਕ ਨੂੰ ਥੋੜੇ ਸਮੇਂ ਬਾਅਦ ਫੜ ਲਿਆ ਗਿਆ ਅਤੇ ਪੀੜਤ ਵਿਅਕਤੀ ਦੀ ਗੱਡੀ ਵੀ ਬਰਾਮਦ ਕੀਤੀ ਗਈ। ਪੁਲਿਸ ਅਨੁਸਾਰ ਸਾਊਥ ਈਸਟ ਡੀ ਸੀ ਦੇ ਫੜੇ ਗਏ ਇਸ¿; 12 ਸਾਲਾ ਨਾਬਾਲਗ ਲੜਕੇ ਉੱਪਰ ਹਥਿਆਰਬੰਦ ਕਾਰਜੈਕਿੰਗ ਦੇ ਦੋਸ਼ ਲਗਾਏ ਗਏ ਹਨ। ਇੱਕ ਹੋਰ ਸ਼ੱਕੀ ਜੋ 12 ਸਾਲਾਂ ਲੜਕੇ ਦੇ ਨਾਲ ਸੀ, ਨੂੰ ਵੀ ਵੀਡੀਓ ਫੁਟੇਜ ’ਤੇ ਵੇਖਿਆ ਗਿਆ ਹੈ। ਪਰ ਅਜੇ ਤੱਕ ਉਸ ਨੂੰ ਗਿ੍ਰਫਤਾਰ ਨਹੀਂ ਕੀਤਾ ਗਿਆ ਹੈ। ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਕਿਹਾ ਕਿ ਇਸ ਘਟਨਾ ਦੀ ਅਜੇ ਵੀ ਜਾਂਚ ਚੱਲ ਰਹੀ ਹੈ ਅਤੇ ਦੋਸ਼ੀ ਵਿਅਕਤੀ ਦੀ ਖਬਰ ਦੇਣ ਵਾਲੇ ਲਈ 10,000 ਡਾਲਰ ਤੱਕ ਦੇ ਇਨਾਮ ਦੀ ਵੀ ਪੇਸ਼ਕਸ਼ ਕੀਤੀ ਗਈ ਹੈ।

Share