ਵਾਸ਼ਿੰਗਟਨ ’ਚ ਗੁਰਦੁਆਰਾ ਸਾਹਿਬ ’ਚ ਅਣਪਛਾਤੇ ਵਿਅਕਤੀ ਵੱਲੋਂ ਭੰਨਤੋੜ

448
ਸਿਆਟਲ ਵਿਖੇ ਗੁਰੂ ਘਰ ਦੇ ਅੰਦਰ ਸ਼ੱਕੀ ਵਿਅਕਤੀ ਵੱਲੋਂ ਕੀਤੀ ਗਈ ਬੇਅਦਬੀ ਤੇ ਭੰਨਤੋੜ ਦਾ ਇਕ ਦਿ੍ਰਸ਼।
Share

-ਨਫਰਤੀ ਅਪਰਾਧ ਦਾ ਮਾਮਲਾ
-ਸਿੱਖ ਭਾਈਚਾਰੇ ’ਚ ਵਿਆਪਕ ਰੋਸ
– ਸ਼ੱਕੀ ਦੀ ਪਛਾਣ ਲਈ ਸਿੱਖ ਸੰਗਤਾਂ, ਮੀਡੀਆ ਤੇ ਹੋਰ ਲੋਕਾਂ ਦੀ ਲਈ ਜਾ ਰਹੀ ਹੈ ਮਦਦ
ਸੈਕਰਾਮੈਂਟੋ, 22 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਸ਼ਿੰਗਟਨ ’ਚ ਸਿਆਟਲ ਦੇ ਦੱਖਣ ’ਚ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਇਕ ਅਣਪਛਾਤੇ ਵਿਅਕਤੀ ਵੱਲੋਂ ਬੇਅਦਬੀ ਤੇ ਭੰਨਤੋੜ ਕੀਤੀ ਗਈ। ਗੁਰਦੁਆਰਾ ਖਾਲਸਾ ਗੁਰਮਤਿ ਸੈਂਟਰ ’ਚ ਹੋਈ ਇਸ ਘਟਨਾ ਦੌਰਾਨ ਇਲੈਕਟ੍ਰਾਨਿਕ ਸਾਜ-ਸਮਾਨ ਵੀ ਚੋਰੀ ਕਰ ਲਿਆ ਗਿਆ। ਕੋਮੋ ਟੀ.ਵੀ. ਦੀ ਰਿਪੋਰਟ ਅਨੁਸਾਰ ਵੀਡੀਓ ’ਚ ਇਕ ਸ਼ੱਕੀ ਵਿਅਕਤੀ ਗੁਰੂ ਘਰ ਦੇ ਮੁੱਖ ਹਾਲ ਤੇ ਅਰਦਾਸ ਹਾਲ ਵਿਚ ਭੰਨਤੋੜ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਘਟਨਾ ਸਮੇਂ ਗੁਰੂ ਘਰ ’ਚ ਕੋਈ ਵੀ ਸੇਵਾਦਾਰ ਮੌਜੂਦ ਨਹੀਂ ਸੀ। ਫੈਡਰਲ ਵੇਅ ਪੁਲਿਸ ਵਿਭਾਗ ਦੇ ਅਧਿਕਾਰੀ ਕੁਰਟ ਸ਼ਵਾਨ ਨੇ ਕਿਹਾ ਹੈ ਕਿ ਪੁਲਿਸ ਨਫਰਤੀ ਅਪਰਾਧ ਸਮੇਤ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਉਪਰੰਤ ਸਿੱਖ ਭਾਈਚਾਰੇ ’ਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਡਾ. ਜਸਮੀਤ ਸਿੰਘ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੁਰੂ ਘਰ ਨੂੰ ਨੁਕਸਾਨ ਪਹੁੰਚਾਏ ਜਾਣ ਕਾਰਨ ਸਾਨੂੰ ਗਹਿਰ ਸਦਮਾ ਪੁੱਜਾ ਹੈ, ਜੋ ਗੁਰੂ ਘਰ ਸਾਡੇ ਬੱਚਿਆਂ ਲਈ ਸਿੱਖਿਆ ਦਾ ਕੇਂਦਰ ਵੀ ਹੈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਵਾਸ਼ਿੰਗਟਨ ਦੇ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ। ਸਿੱਖ ਕੁਲੀਸ਼ਨ ਦੇ ਆਗੂਆਂ ਅਨੁਸਾਰ ਉਹ ਐੱਫ.ਬੀ.ਆਈ. ਤੇ ਪੁਲਿਸ ਵਿਭਾਗ ਦੇ ਸੰਪਰਕ ਵਿਚ ਹਨ ਤੇ ਇਸ ਮਾਮਲੇ ’ਚ ਨਫਰਤੀ ਅਪਰਾਧ ਸਮੇਤ ਸਾਰੇ ਪੱਖਾਂ ਤੋਂ ਜਾਂਚ ਹੋ ਰਹੀ ਹੈ। ਸਿੱਖ ਕੁਲੀਸ਼ਨ ਨੇ ਮਾਮਲਾ ਵਾਸ਼ਿੰਗਟਨ ਵਿਚਲੇ ਚੁਣੇ ਹੋਏ ਪ੍ਰਤੀਨਿਧੀਆਂ ਦੇ ਧਿਆਨ ਵਿਚ ਵੀ ਲਿਆਂਦਾ ਹੈ, ਤਾਂ ਜੋ ਮਾਮਲੇ ਦੀ ਜਾਂਚ ਛੇਤੀ ਹੋ ਸਕੇ ਤੇ ਦੋਸ਼ੀ ਨੂੰ ਫੜਿਆ ਜਾ ਸਕੇ। ਸ਼ੱਕੀ ਦੀ ਪਛਾਣ ਲਈ ਸਿੱਖ ਸੰਗਤਾਂ, ਮੀਡੀਆ ਤੇ ਹੋਰ ਲੋਕਾਂ ਦੀ ਮਦਦ ਵੀ ਲਈ ਜਾ ਰਹੀ ਹੈ। ਸਿੱਖ ਕੁਲੀਸ਼ਨ ਦੀ ਕਾਨੂੰਨੀ ਡਾਇਰੈਕਟਰ ਅਮਿ੍ਰਤ ਕੌਰ ਨੇ ਕਿਹਾ ਹੈ ਕਿ ਵੀਡੀਓ ਵੇਖਣ ’ਤੇ ਪਤਾ ਲੱਗਦਾ ਹੈ ਕਿ ਸ਼ੱਕੀ ਵਿਅਕਤੀ ਨੇ ਜਾਣਬੁੱਝ ਕੇ ਮੰਦਭਾਵਨਾ ਨਾਲ ਗੁਰੂ ਘਰ ਵਿਚ ਭੰਨਤੋੜ ਕੀਤੀ ਹੈ। ਉਨ੍ਹਾਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ।

Share