ਵਾਤਾਵਰਣ ਤਬਦੀਲੀ ਖਤਰਨਾਕ ਦੌਰ ’ਚ ਪੁੱਜੀ : ਸੰਯੁਕਤ ਰਾਸ਼ਟਰ ਵੱਲੋਂ ਚਿਤਾਵਨੀ

411
ਵਾਤਵਰਣ ਤਬਦੀਲੀ ਕਾਰਨ ਕੈਲੀਫੋਰਨੀਆ ਦੇ ਡਿਕਸੀ ਖੇਤਰ ’ਚ ਲੱਗੀ ਅੱਗ ’ਚ ਘਿਰਿਆ ਇਕ ਹਿਰਨ। ਇਹ ਤਸਵੀਰ ਇਸ ਮਹੀਨੇ ਦੀ 6 ਤਰੀਕ ਨੂੰ ਖਿੱਚੀ ਗਈ ਹੈ।
Share

– ਵਾਤਾਵਰਣ ਤਬਦੀਲੀ ਨੂੰ ਮਨੁੱਖਤਾ ਲਈ ਦਿੱਤਾ ‘ਕੋਡ ਰੈੱਡ’ ਦਾ ਨਾਂ
– ਅਜੇ ਵੀ ਨਾ ਸੰਭਲੇ ਤਾਂ ਹਾਲਾਤ ਹੋ ਜਾਣਗੇ ਵੱਸੋਂ ਬਾਹਰ
ਸੈਕਰਾਮੈਂਟੋ, 10 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਵਿਸ਼ਵ ਦੇ ਚੋਟੀ ਦੇ ਸੈਂਕੜੇ ਵਿਗਿਆਨੀਆਂ ਨੇ ਜਾਰੀ ਇਕ ਰਿਪੋਰਟ ਵਿਚ ਚਿਤਾਵਨੀ ਦਿੱਤੀ ਹੈ ਕਿ ਵਾਤਾਵਰਣ ਤਬਦੀਲੀ ਖਤਰਨਾਕ ਦੌਰ ’ਚ ਪੁੱਜ ਗਈ ਹੈ ਤੇ ਇਸ ਨਾਲ ਵਿਸ਼ਵ ’ਚ ਵੱਸਦੇ ਲੋਕਾਂ ਲਈ ਖਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਤਬਦੀਲੀ ਬਾਰੇ ਕੌਮਾਂਤਰੀ ਪੈਨਲ ਵੱਲੋਂ ਜਿਨੇਵਾ ਵਿਚ ਜਾਰੀ ਰਿਪੋਰਟ ’ਚ ਵਾਤਾਵਰਣ ਤਬਦੀਲੀ ਨੂੰ ਮਨੁੱਖਤਾ ਲਈ ‘ਕੋਡ ਰੈੱਡ’ ਦਾ ਨਾਂ ਦਿੱਤਾ ਹੈ। ਗਲਾਸਗੋ (ਸਕਾਟਲੈਂਡ) ਵਿਚ ਵਾਤਾਵਰਣ ਤਬਦੀਲੀ ਬਾਰੇ ਹੋਈ ਇਕ ਪ੍ਰਮੁੱਖ ਕਾਨਫਰੰਸ ਦੇ 3 ਮਹੀਨੇ ਬਾਅਦ ਆਈ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਸ਼ਵ ਦੇ ਵਾਤਾਵਰਣ ਵਿਚ ਆਈਆਂ ਬਹੁਤ ਸਾਰੀਆਂ ਤਬਦੀਲੀਆਂ ਅਜਿਹੀਆਂ ਵੇਖਣ ਨੂੰ ਮਿਲੀਆਂ ਹਨ, ਜੋ ਹਜ਼ਾਰਾਂ ਸਾਲਾਂ ਬਾਅਦ ਵਾਪਰਦੀਆਂ ਹਨ। ਜਿਵੇਂ ਕਿ ਸਮੁੰਦਰ ਦੇ ਪੱਧਰ ਦਾ ਵਧਣਾ ਇਕ ਅਜਿਹੀ ਤਬਦੀਲੀ ਹੈ, ਜੋ ਸੈਂਕੜੇ ਤੋਂ ਹਜ਼ਾਰਾਂ ਸਾਲਾਂ ਵਿਚ ਵਾਪਰਦੀ ਹੈ। ਰਿਪੋਰਟ ਅਨੁਸਾਰ ਤੂਫਾਨ ਤੇ ਗਰਮ ਹਵਾਵਾਂ ਦਾ ਵਗਣਾ ਆਮ ਗੱਲ ਹੋ ਜਾਵੇਗੀ ਤੇ ਇਹ ਤੂਫਾਨ ਤੇ ਗਰਮ ਹਵਾਵਾਂ ਅਸਹਿ ਹੋ ਜਾਣਗੀਆਂ। ਪੈਨਲ ਨੇ ਕਿਹਾ ਹੈ ਕਿ ਵਾਤਾਵਰਣ ਤਬਦੀਲੀ ਧਰਤੀ ਉਪਰ ਕਈ ਤਰ੍ਹਾਂ ਨਾਲ ਅਸਰ ਪਾ ਰਹੀ ਹੈ ਤੇ ਹੁਣ ਧਰਤੀ ਉਪਰ ਤਪਸ਼ ਹੋਰ ਵਧ ਜਾਵੇਗੀ। ਰਿਪੋਰਟ ਅਨੁਸਾਰ ਸਪੱਸ਼ਟ ਸਬੂਤ ਹੈ ਕਿ ਕਾਰਬਾਨ ਡਾਇਆਕਸਾਈਡ ਵਾਤਾਵਰਣ ਤਬਦੀਲੀ ਦਾ ਮੁੱਖ ਕਾਰਨ ਹੈ, ਹਾਲਾਂਕਿ ਗਰੀਨ ਹਾਊਸ ਗੈਸਾਂ ਤੇ ਹਵਾ ਦਾ ਪ੍ਰਦੂਸ਼ਣ ਵੀ ਇਸ ਤਬਦੀਲੀ ’ਚ ਭੂਮਿਕਾ ਨਿਭਾਅ ਰਿਹਾ ਹੈ। ਇਸ ਤਬਦੀਲੀ ਨਾਲ ਸੋਕਾ ਪੈਣਾ, ਅੱਗਾਂ ਲੱਗਣੀਆਂ ਤੇ ਬਿਮਾਰੀਆਂ ਦਾ ਫੈਲਣਾ ਆਮ ਹੋ ਜਾਵੇਗਾ। ਪਾਣੀ ਦੀ ਘਾਟ ਨਾਲ ਬਹੁਤ ਹੀ ਜਟਿਲ ਸਮੱਸਿਆਵਾਂ ਪੈਦਾ ਹੋਣਗੀਆਂ, ਜਿਸ ਦੀ ਕਲਪਨਾ ਕਰਕੇ ਹੀ ਮਨੁੱਖ ਭੈਅਭੀਤ ਹੋ ਜਾਵੇਗਾ। 3000 ਸਫਿਆਂ ਵਾਲੀ ਇਸ ਰਿਪੋਰਟ ਨੇ ਧਰਤੀ ਦੇ ਭਵਿੱਖ ਅੱਗੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ ਤੇ ਸਪੱਸ਼ਟ ਕਰ ਦਿੱਤਾ ਹੈ ਕਿ ਧਰਤੀ ਨੂੰ ਬਚਾਉਣ ਲਈ ਫੌਰੀ ਕਾਰਗਰ ਕਦਮ ਚੁੱਕਣ ਦੀ ਲੋੜ ਹੈ। ਇਕ ਗੈਰ ਮੁਨਾਫਾ ਖੋਜ ਸੰਸਥਾ ਵਰਲਡ ਰਿਸੋਰਸਿਜ਼ ਇੰਸਟੀਚਿਊਟ ਦੇ ਅਧਿਕਾਰੀ ਹੈਲਨ ਮਾਊਂਟਫੋਰਡ ਨੇ ਕਿਹਾ ਹੈ ਕਿ ਜੇਕਰ ਅਜੇ ਵੀ ਵਿਸ਼ਵ ਨਾ ਸੰਭਲਿਆ, ਤਾਂ ਹਾਲਾਤ ਬਦਤਰ ਬਣ ਜਾਣਗੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜੰਗਲਾਂ ਦੀ ਕਟਾਈ ਅਜੇ ਵੀ ਜਾਰੀ ਹੈ ਤੇ ਰਵਾਇਤੀ ਬਾਲਣ ਦੀ ਵਰਤੋਂ ਬੇਰੋਕ ਹੋ ਰਹੀ ਹੈ।

Share