ਵਾਟਰਕੇਅਰ ਮੁਖੀ ਰਵੀਨ ਜਾਦੂਰਾਮ ਨੇ ਦਿੱਤਾ ਅਸਤੀਫਾ-ਕੌਂਸਿਲ ਨੂੰ ਚੁੱਭ ਰਹੀ 7 ਲੱਖ 75 ਹਜ਼ਾਰ ਤਨਖਾਹ

566
'ਵਾਟਰ ਕੇਅਰ' ਕੰਪਨੀ ਦੇ ਮੁਖੀ ਰਵੀਨ ਜਾਦੂਰਾਮ ਜਿਨ੍ਹਾਂ ਨੇ ਅਸਤੀਫਾ ਦਿੱਤਾ।
Share

ਛੱਡਣੀ ਪਈ ਨੌਕਰੀ: ਮਾਮਲਾ ਜਿਆਦਾ ਤਨਖਾਹ ਦਾ
ਔਕਲੈਂਡ, 17 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਔਕਲੈਂਡ ਕੌਂਸਿਲ ਦੇ ਚੀਫ ਐਗਜ਼ੀਕਿਊਟਿਵ ਦੀ ਤਨਖਾਹ 6 ਲੱਖ 5 ਹਜ਼ਾਰ ਸਲਾਨਾ ਅਤੇ ਇਸਦੇ ਇਕ ਅਦਾਰੇ ਵਾਟਰ ਕੇਅਰ ਦੇ ਮੁਖੀ ਦੀ ਤਨਖਾਹ 7 ਲੱਖ 75 ਹਜ਼ਾਰ ਸਲਾਨਾ ਚੱਲ ਰਹੀ ਸੀ। ਔਕਲੈਂਡ ਕੌਂਸਿਲ ਅਧੀਨ ਆਉਂਦੇ ਸਾਰੇ ਖੇਤਰਾਂ ਵਿਚ ਪਾਣੀ ਦੀ ਸਪਲਾਈ ਲਈ ਕਾਫੀ ਭੰਡਾਰ ਮੌਜੂਦ ਨਹੀਂ ਹਨ ਅਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਚੱਲ ਰਹੀਆਂ ਹਨ। ਪਾਣੀ ਦੀ ਕਿੱਲਤ ਅਤੇ ਮੁਖੀ ਦੀ ਐਨੀ ਤਨਖਾਹ ਚਰਚਾ ਦਾ ਵਿਸ਼ਾ ਬਣ ਗਈ ਸੀ।  ਇਸੇ ਚਰਚਾ ਦੀ ਭੇਟ ਚੜ੍ਹਦਿਆਂ ਭਾਰਤੀ ਮੂਲ ਦੇ (ਫੀਜ਼ੀਅਨ) ਸ੍ਰੀ ਰਵੀਨ ਜਾਦੂਗਰ ਜੋ ਕਿ ਵਾਟਰ ਕੇਅਰ ਦੇ ਮੁਖੀ ਵਜੋਂ ਸੇਵਾਵਾਂ ਦੇ ਰਹੇ ਸਨ ਨੇ ਆਪਣੀਆਂ ਸੇਵਾਵਾਂ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੂੰ 7 ਲੱਖ 75 ਹਜ਼ਾਰ ਸਲਾਨਾ ਤਨਖਾਹ ਮਿਲ ਰਹੀ ਸੀ। ਇਸ ਤੋਂ ਪਹਿਲਾਂ ਜਿਹੜੇ ਮੁਖੀ (ਸ੍ਰੀ ਫੋਰਡ) ਹੁੰਦੇ ਸਨ ਉਨ੍ਹਾਂ ਦੀ ਤਨਖਾਹ ਤਾਂ ਇਸ ਤੋਂ ਵੀ ਜਿਆਦਾ (860,000) ਹੁੰਦੀ ਸੀ ਪਰ ਰੌਲਾ ਇਸ ਵਾਰ ਹੀ ਪਿਆ ਹੈ। ਭਾਵੇਂ ਇਸ ਤਨਖਾਹ ਨੂੰ ਕੰਮ ਅਨੁਸਾਰ ਠੀਕ ਦੱਸਣ ਦੀ ਕੋਸ਼ਿਸ ਬੋਰਡ ਵੱਲੋਂ ਕੀਤੀ ਗਈ ਪਰ ਔਕਲੈਂਡ ਮੇਅਰ ਦਾ ਕਹਿਣਾ ਸੀ ਕਿ ਕੌਂਸਿਲ ਮੁਖੀ ਤੋਂ ਜਿਆਦਾ ਤਨਖਾਹ ਵਾਟਰ ਕੇਅਰ ਦੇ ਮੁਖੀ ਦੀ ਨਹੀਂ ਹੋਣੀ ਚਾਹੀਦੀ, ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ। ਇਹ ਸਾਰਾ ਮਾਮਲਾ ਪਾਣੀ ਦੀ ਕਮੀ ਕਰਕੇ ਸਾਹਮਣੇ ਆਇਆ ਹੈ। ਇਸ ਵੇਲੇ ਪਾਣੀ ਦਾ ਭੰਡਾਰ 61.4% ਹੈ ਜਦ ਕਿ ਇਹ 87.1% ਹੋਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਇਸ ਵੇਲੇ ਪ੍ਰਧਾਨ ਮੰਤਰੀ ਦੀ ਤਨਖਾਹ 4,71,000 ਹਜ਼ਾਰ ਡਾਲਰ ਸਲਾਨਾ ਹੈ। ਇਥੇ ਹੀ ਬਸ ਨਹੀਂ ਪਬਲਿਕ ਸੈਕਟਰ ਦੇ ਵਿਚੋਂ ਐਨ. ਜ਼ੈਡ. ਸੁਪਰ ਫੰਡ ਦੇ ਮੁਖੀ ਦੀ ਤਨਖਾਹ ਇਸ ਵੇਲੇ 10 ਲੱਖ 65 ਹਜ਼ਾਰ ਸਲਾਨਾ ਹੈ ਅਤੇ ਪ੍ਰਾਈਵੇਟ ਸੈਕਟਰ ਦੇ ਵਿਚ ਫਲੈਚਰ ਬਿਲਡਿੰਗ ਕੰਪਨੀ ਦੇ ਮੁਖੀ ਦੀ ਤਨਖਾਹ 2019 ਦੇ ਵਿਚ 56 ਲੱਖ ਸਲਾਨਾ ਰਹੀ ਹੈ।


Share