ਵਾਈਟ ਹਾਊਸ ਸਾਹਮਣੇ ਕਿਸਾਨਾਂ ਦੀ ਹਮਾਇਤ ’ਚ ਮੋਰਚਾ ਪੱਕਾ ਚੱਲੇਗਾ : ਬਖਸ਼ੀਸ਼ ਸਿੰਘ

155
Share

-ਕਿਸਾਨਾਂ ਦੀ ਹਮਾਇਤ ’ਚ 16ਵੇਂ ਜਥੇ ਦੀ ਅਗਵਾਈ ਬਖਸ਼ੀਸ਼ ਸਿੰਘ ਨੇ ਕੀਤੀ
ਵਾਸ਼ਿੰਗਟਨ ਡੀ.ਸੀ., 30 ਮਾਰਚ (ਸੁਰਿੰਦਰ ਗਿੱਲ/ਪੰਜਾਬ ਮੇਲ)- ਐੱਨ.ਆਰ.ਆਈ. ਫਾਰ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਲੈ ਕੇ ਵਾਈਟ ਹਾਊਸ ਦੇ ਸਾਹਮਣੇ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਇਸ ਮੌਕੇ 16ਵੇਂ ਜਥੇ ਦੀ ਅਗਵਾਈ ਸ. ਬਖਸ਼ੀਸ਼ ਸਿੰਘ ਕੇ-ਪੈਡ ਚੇਅਰ ਡੈਮੋਕਰੇਟਿਕ ਪਾਰਟੀ ਅਮਰੀਕਾ ਨੇ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਬਣਦੀਆਂ ਹਨ ਕਿ ਲੋਕ ਹਿੱਤਾਂ ਦਾ ਖਿਆਲ ਰੱਖਿਆ ਜਾਵੇ, ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾਣ, ਫਰਿਆਦਾਂ ਸੁਣੀਆਂ ਜਾਣ, ਪਰ ਇਹ ਕਿਸ ਤਰ੍ਹਾਂ ਦੀ ਸਰਕਾਰ ਹੈ, ਜਿਸ ਦਾ ਬਾਦਸ਼ਾਹ ਮੋਦੀ ਤਾਨਾਸ਼ਾਹੀ, ਹੈਂਕੜਬਾਜ਼ੀ, ਸਿਰਫ ਇੱਕ ਪਾਸੜ, ਇੱਕ ਪਾਰਟੀ ਦਾ ਪ੍ਰਧਾਨ ਮੰਤਰੀ ਬਣਿਆ ਹੋਇਆ ਹੈ। ਆਪਣਾ ਜਲੂਸ ਪੂਰੇ ਸੰਸਾਰ ਵਿਚ ਕਢਵਾ ਰਿਹਾ ਹੈ। ਗੋਦੀ ਮੀਡੀਏ ਦਾ ਹੱਥਠੋਕਾ ਬਣਿਆ ਹੋਇਆ ਹੈ। ਖੁਫੀਆ ਏਜੰਸੀਆਂ ਵੀ ਮੋਦੀ ਨੂੰ ਮੂਰਖ ਬਣਾ ਰਹੀਆਂ ਹਨ। ਭਾਰਤੀ ਅੰਬੈਸੀ ਵੀ ਬਿਟਰ-ਬਿਟਰ ਦੇਖ ਰਹੀ ਹੈ। ਅਜਿਹੇ ਵਿਚ ਇੱਕ ਗੱਲ ਸਾਬਤ ਹੋ ਗਈ ਹੈ ਕਿ ਹਰੇਕ ਵਿਅਕਤੀ ਮੋਦੀ ਦਾ ਬਦਲ ਚਾਹੁੰਦਾ ਹੈ। ਕਿਸਾਨਾਂ ਦੇ ਬਿੱਲਾਂ ਦੀ ਵਾਪਸੀ ਦਾ ਹਾਮੀ ਹੈ। ਜੇਕਰ ਮੋਦੀ ਨੇ ਆਪਣੀ ਹੋਂਦ ਬਚਾਉਣੀ ਹੈ, ਤਾਂ ਤੁਰੰਤ ਬਿੱਲਾਂ ਦੀ ਵਾਪਸੀ ਕਰਕੇ, ਕਿਸਾਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜੇ।
ਇਸ ਮੌਕੇ ਸ. ਹਰਬੰਸ ਸਿੰਘ ਸੰਧੂ ਨੇ ਬੋਲਦਿਆਂ ਕਿਹਾ ਕਿ ਕਿਸਾਨ ਅੰਦੋਲਨ ਆਪਣੇ ਪੂਰੇ ਜੋਬਨ ’ਤੇ ਪਹੁੰਚ ਚੁੱਕਿਆ ਹੈ, ਜਿੱਤ ਸਾਡੀ ਹੋ ਚੁੱਕੀ ਹੈ, ਬੱਸ ਰਸਮਾਂ ਹੋਣੀਆਂ ਹੀ ਬਾਕੀ ਹਨ। ਸੋ ਕਿਸੇ ਵੀ ਕਿਸਾਨ ਆਗੂ, ਬੁਲਾਰੇ, ਬਜ਼ੁਰਗ, ਨੌਜਵਾਨ, ਬੀਬੀ ਜਾਂ ਬੱਚੇ ਨੂੰ ਦਿਲ ਛੋਟਾ ਕਰਨ ਦੀ ਲੋੜ ਨਹੀਂ, ਚੜ੍ਹਦੀ ਕਲਾ ਨਾਲ ਅਸੀਂ ਇਹ ਅੰਦੋਲਨ ਜਿੱਤ ਕੇ ਹੀ ਰਹਾਂਗੇ।
ਜੇਕਰ ਸਿਵਲ ਨਾ ਫੁਰਮਾਨੀ ਹੋ ਗਈ, ਤਾਂ ਦੇਸ਼ ਵਿਚ ਕਾਲ ਪੈ ਸਕਦਾ ਹੈ, ਅਜਿਹੇ ਵਿਚ ਮੋਦੀ ਨੂੰ ਠਰੰਮੇ ਤੋਂ ਕੰਮ ਲੈ ਕੇ ਕਿਸਾਨਾਂ ਦਾ ਹੱਲ ਕਰਨਾ ਚਾਹੀਦਾ ਹੈ। ਸਾਡੀ ਐੱਨ.ਆਰ.ਆਈ. ਫਾਰ ਕਿਸਾਨ ਸੰਸਥਾ ਦੀ ਅਪੀਲ ਹੈ ਕਿ ਮੋਦੀ ਭਗਤੋ ਅਸੀਂ ਪਹਿਲਾਂ ਇਨਸਾਨ ਹਾਂ, ਫਿਰ ਭਾਰਤੀ ਹਾਂ, ਉਸ ਤੋਂ ਬਾਅਦ ਪਾਰਟੀ ਦੇ ਨੁਮਾਇੰਦੇ ਹਾਂ। ਹਿਊਮਨ ਰਾਈਟਸ ਦੀ ਉਲੰਘਣਾ ਦਾ ਮਤਲਬ ਹੈ ਕਿ ਸਰਕਾਰ ਦੇ ਪਤਨ ਦੇ ਦਿਨ ਸ਼ੁਰੂ ਹੋ ਗਏ ਹਨ। ਤਿੰਨ ਸੌ ਤੋਂ ਉੱਪਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਜਿਸਦਾ ਦੋਸ਼ੀ ਹੋਰ ਕੋਈ ਨਹੀਂ ਹੈ, ਸਿਰਫ ਮੋਦੀ ਹੈ। ਉਹ ਕਿਉਂ ਨਹੀਂ ਕਿਸਾਨਾਂ ਦਾ ਹੱਲ ਕਰ ਰਿਹਾ?
ਬੀ.ਜੇ.ਪੀ. ਵਿਚ ਬੈਠੇ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਉਹ ਮੋਦੀ ਨੂੰ ਸਮਝਾਉਣ, ਅਜਿਹਾ ਨਾ ਹੋਵੇ ਕਿ ਉਨ੍ਹਾਂ ਦਾ ਸਤਿਕਾਰ ਵੀ ਕਿਸਾਨਾਂ ਦੇ ਦਿਲਾਂ ਵਿਚੋਂ ਖਤਮ ਹੋ ਜਾਵੇ। ਇਸ ਕਿਸਾਨ ਹਮਾਇਤੀ ਅੰਦੋਲਨ ਵਿਚ ਬਖਸ਼ੀਸ਼ ਸਿੰਘ ਕੇ ਪੈਡ ਚੇਅਰ ਡੈਮੋਕਰੇਟਿਕ ਪਾਰਟੀ ਦੀ ਅਗਵਾਈ ’ਚ ਵਿੱਕੀ ਸਿੰਘ ਮਾਨ, ਹਰਜੀਤ ਸਿੰਘ ਹੁੰਦਲ, ਹਰਬੰਸ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ, ਕਰਨਬੀਰ ਸਿੰਘ ਸੇਖੋਂ ਆਦਿ ਸ਼ਾਮਲ ਹੋਏ।

Share