ਵਾਈਟ ਸੁਪਰਮੇਸੀ ਗਰੁੱਪ ਪੈਟਰੀਆਟ ਦੇ 31 ਮੈਂਬਰ ਦੰਗੇ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ

126

* ਟਰੱਕ ‘ਚ ਸਵਾਰ ਹੋ ਕੇ ਅਮਰੀਕਾ ਦੇ ਆਇਡਾਹੋ ਰਾਜ ‘ਚ ਹਥਿਆਰਾਂ ਸਮੇਤ ਹੋਏ ਸਨ ਦਾਖਲ
ਸੈਕਰਾਮੈਂਟੋ, 13 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਆਇਡਾਹੋ ਰਾਜ ‘ਚ ਪੁਲਿਸ ਨੇ ਯੂ- ਹਾਲ ਟਰੱਕ ਵਿਚ ਸਵਾਰ ਹੋ ਕੇ ਅਮਰੀਕਾ ਦੇ ਵੱਖ-ਵੱਖ ਰਾਜਾਂ ਤੋਂ ਆਏ ਵਾਈਟ ਸੁਪਰਮੇਸੀ ਗਰੁੱਪ ‘ਪੈਟਰੀਆਟ’ ਦੇ 31 ਮੈਂਬਰਾਂ ਨੂੰ ਦੰਗੇ ਕਰਵਾਉਣ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਵਿਅਕਤੀ ਟਰੱਕ ਦੇ ਪਿਛਲੇ ਹਿੱਸੇ ਵਿਚੋਂ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਨੇ ਖਾਕੀ ਪੈਂਟਾਂ ਤੇ ਗੂੜ੍ਹੇ ਨੀਲੇ ਰੰਗ ਦੀਆਂ ਸ਼ਰਟਾਂ ਤੇ ਖਾਕੀ ਰੰਗ ਦੇ ਹੈਟ ਪਾਏ ਹੋਏ ਸਨ ਤੇ ਆਪਣੇ ਮੂੰਹ ਢੱਕੇ ਹੋਏ ਸਨ। ਕੋਉਰਡ ਅਲੇਨ (ਆਇਡਾਹੋ) ਦੇ ਪੁਲਿਸ ਮੁੱਖੀ ਲੀ ਵਾਈਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਆਇਡਹੋ ਦੇ ਅੰਦਰਲੇ ਹਿੱਸਿਆਂ ਵਿਚ ਦੰਗੇ ਭੜਕਾਉਣ ਦੇ ਮਕਸਦ ਨਾਲ ਆਏ ਸਨ। ਪੁਲਿਸ ਮੁਖੀ ਅਨੁਸਾਰ ਇਨ੍ਹਾਂ ਨੂੰ ਦੰਗੇ ਕਰਵਾਉਣ ਦੀ ਸਾਜ਼ਿਸ਼ ਰਚਣ ਦੇ ਅਪਰਾਧ ਤਹਿਤ ਇਕ ਚੱਲ ਰਹੇ ਸਮਾਗਮ ਨੇੜਿਉਂ ਗ੍ਰਿਫਤਾਰ ਕੀਤਾ ਗਿਆ ਹੈ। ਇਕੱਠੇ ਕੀਤੇ ਗਏ ਸਬੂਤ ਤੇ ਦਸਤਾਵੇਜ਼ਾਂ ਦੇ ਆਧਾਰ ‘ਤੇ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸ ਗਰੁੱਪ ਦੀ ਡਾਊਨਟਾਊਨ ਖੇਤਰਾਂ ‘ਚ ਦੰਗੇ ਕਰਵਾਉਣ ਦੀ ਯੋਜਨਾ ਸੀ। ਪੁਲਿਸ ਨੇ ਟਰੱਕ ਵਿਚੋਂ ਹਥਿਆਰ, ਇਕ ਸਮੋਕ ਗਰਨੇਡ ਤੇ ਢਾਲਾਂ ਬਰਾਮਦ ਕੀਤੀਆਂ ਹਨ। ਪੁਲਿਸ ਮੁਖੀ ਅਨੁਸਾਰ ਇਨ੍ਹਾਂ ਦੇ ਟੋਪਾਂ ਉਪਰ ਲਾਏ ਲੋਗੋ ਤੋਂ ਇਨ੍ਹਾਂ ਦੇ ਪੈਟਰੀਆਟ ਗਰੁੱਪ ਦੇ ਮੈਂਬਰ ਹੋਣ ਵਜੋਂ ਪਛਾਣ ਕੀਤੀ ਗਈ ਹੈ। ਪੁਲਿਸ ਨੂੰ ਇਕ ਮੁਖਬਰ ਨੇ ਸ਼ੱਕੀ ਟਰੱਕ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਕਾਬੂ ਕਰ ਲਿਆ। ਇਨ੍ਹਾਂ ਦੀਆਂ ਸ਼ਰਟਾਂ ਦੇ ਪਿਛਲੇ ਪਾਸੇ ‘ਰੀਕਲੇਮ ਅਮੈਰੀਕਾ’ ਲਿਖਿਆ ਹੋਇਆ ਹੈ। ਵਾਈਟ ਨੇ ਦੱਸਿਆ ਕਿ ਇਹ ਵਿਅਕਤੀ ਵਾਸ਼ਿੰਗਟਨ, ਓਰੇਗੋਨ, ਟੈਕਸਾਸ, ਉਟਾਹ, ਕੋਲੋਰਾਡੇ, ਸਾਊਥ ਡਕੋਟਾ, ਵਰਜੀਨੀਆ ਤੇ ਅਰਕਨਸਾਸ ਸਮੇਤ 11 ਰਾਜਾਂ ਤੋਂ ਆਏ ਹਨ। ਇਨ੍ਹਾਂ ਵਿਚ ਸਥਾਨਕ ਆਇਡਾਹੋ ਤੋਂ ਕੇਵਲ ਇਕ ਵਿਅਕਤੀ ਸ਼ਾਮਲ ਸੀ।