ਵਾਅਦੇ ਪੂਰੇ ਨਾ ਕਰਨ ’ਤੇ ਸੰਯੁਕਤ ਕਿਸਾਨ ਮੋਰਚਾ ਦੇਸ਼ ਭਰ ’ਚ 21 ਮਾਰਚ ਨੂੰ ਕਰੇਗਾ ਪ੍ਰਦਰਸ਼ਨ

346
ਨਵੀਂ ਦਿੱਲੀ, 14 ਮਾਰਚ (ਪੰਜਾਬ ਮੇਲ)- ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਦੀ ਪ੍ਰਗਤੀ ਦੀ ਸਮੀਖਿਆ ਅਤੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਸੰਯੁਕਤ ਕਿਸਾਨ ਮੋਰਚੇ (ਐੱਸ.ਕੇ.ਐੱਮ.) ਦੀ ਇਕ ਦਿਨਾ ਮੀਟਿੰਗ ਸੋਮਵਾਰ ਨੂੰ ਦਿੱਲੀ ’ਚ ਹੋਈ। ਕੇਂਦਰ ਵਲੋਂ ਕਿਸਾਨੀ ਮੰਗਾਂ ਨਾ ਮੰਨਣ ਕਾਰਨ ਕਿਸਾਨਾਂ ’ਚ ਰੋਸ ਹੈ। ਇਸ ਕਾਰਨ ਸੰਯੁਕਤ ਕਿਸਾਨ ਮੋਰਚਾ 21 ਮਾਰਚ ਨੂੰ ਦੇਸ਼ ਭਰ ’ਚ ਪ੍ਰਦਰਸ਼ਨ ਕਰੇਗਾ। ਇਨ੍ਹਾਂ ਵਾਅਦਿਆਂ ਵਿਚ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਬਾਰੇ ਸਮਿਤੀ ਦਾ ਗਠਨ ਕਰਨਾ ਵੀ ਸ਼ਾਮਲ ਹੈ। ਇਹ ਮੀਟਿੰਗ ਦੀਨਦਿਆਲ ਉਪਾਧਿਆਏ ਮਾਰਗ ’ਤੇ ਗਾਂਧੀ ਪੀਸ ਫਾਉੂਂਡੇਸ਼ਨ ਵਿਚ ਹੋਈ। ਐੱਸ.ਕੇ.ਐੱਮ. ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਇਕ ਸਾਲ ਚੱਲੇ ਲੰਮੇ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਉਸ ਨੇ ਬੀਤੇ ਵਰ੍ਹੇ 9 ਦਸੰਬਰ ਨੂੰ ਸਰਕਾਰ ਵੱਲੋਂ ਵਿਵਾਦਤ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੀਆਂ ਛੇ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤੇ ਜਾਣ ਬਾਅਦ ਅੰਦੋਲਨ ਵਾਪਸ ਲੈ ਲਿਆ ਸੀ।
ਮੋਰਚੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵੱਲੋਂ 9 ਦਸੰਬਰ 2021 ਨੂੰ ਦਿੱਤੇ ਗਏ ਭਰੋਸਾ ਪੱਤਰ, ਘੱਟੋ-ਘੱਟ ਸਮਰਥਨ ਮੁੱਲ ’ਤੇ ਕੌਮੀ ਨੀਤੀ ਅਤੇ ਲਖੀਮਪੁਰ ਖੀਰੀ ਮਾਮਲੇ ਵਿਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਲਈ ਯਾਦਗਾਰ ਬਣਾਉਣ ਦੀ ਯੋਜਨਾ ’ਤੇ ਵੀ ਮੀਟਿੰਗ ਦੌਰਾਨ ਚਰਚਾ ਕੀਤੀ ਗਈ।