ਵਾਂਗ ਯਪਿੰਗ ਨੇ ਪੁਲਾੜ ’ਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣਨ ਦਾ ਮਾਣ ਹਾਸਲ ਕੀਤਾ

442
Share

ਪੇਈਚਿੰਗ, 8 ਨਵੰਬਰ (ਪੰਜਾਬ ਮੇਲ)- ਪੁਲਾੜ ਯਾਤਰੀ ਵਾਂਗ ਯਪਿੰਗ ਨੇ ਸੋਮਵਾਰ ਨੂੰ ਪੁਲਾੜ ’ਚ ਤੁਰਨ ਵਾਲੀ ਪਹਿਲੀ ਚੀਨੀ ਔਰਤ ਬਣਨ ਦਾ ਮਾਣ ਹਾਸਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸਰਕਾਰੀ ਖ਼ਬਰ ਏਜੰਸੀ ਸ਼ਿਨਹੂਆ ਦੀ ਮੁਤਾਬਕ ਵਾਂਗ ਆਪਣੇ ਪੁਰਸ਼ ਸਾਥੀ ਜਾਈ ਜਿਗਾਂਗ ਨਾਲ ਨਿਰਮਾਣ ਅਧੀਨ ਪੁਲਾੜ ਸਟੇਸ਼ਨ ਦੇ ਕੋਰ ਮਡਿਊਲ ‘ਤਿਯਾਨ’ ਵਿਚੋਂ ਬਾਹਰ ਨਿਕਲੀ ਅਤੇ ਸੋਮਵਾਰ ਤੜਕੇ ਛੇ ਘੰਟੇ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਕੁਝ ਸਰਗਰਮੀਆਂ ’ਚ ਹਿੱਸਾ ਲਿਆ। ਦੋਵਾਂ ਜਣਿਆਂ ਨੇ ਪੁਲਾੜ ’ਚ ਚਹਿਲਕਦਮੀ ਕੀਤੀ ਅਤੇ ਫਿਰ ਸਟੇਸ਼ਨ ’ਚ ਵਾਪਸ ਆ ਗਏ। ਚਾਈਨਾ ਮੈਂਡ ਸਪੇਸ ਏਜੰਸੀ ਨੇ ਇੱਕ ਬਿਆਨ ’ਚ ਕਿਹਾ ਕਿ ਚੀਨ ਦੇ ਪੁਲਾੜ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਜਦੋਂ ਇੱਕ ਔਰਤ ਪੁਲਾੜ ਯਾਤਰੀ ਨੇ ਪੁਲਾੜ ’ਚ ਚਹਿਲਕਦਮੀ ਕੀਤੀ ਹੈ। ਜ਼ਿਕਰਯੋਗ ਹੈ ਚੀਨ ਤਿੰਨ ਪੁਲਾੜ ਯਾਤਰੀਆਂ ਨੂੰ ਛੇ ਮਹੀਨੇ ਲਈ ਸ਼ੇਨਜੋ-13 ਪੁਲਾੜ ਵਾਹਨ ਰਾਹੀਂ ਪੁਲਾੜ ’ਚ ਭੇਜਿਆ ਸੀ। ਉਨ੍ਹਾਂ ਨੂੰ ਆਰਬਿੰਟਿੰਗ ਸਟਰੱਕਚਰ (ਪੁਲਾੜ ਸਟੇਸ਼ਨ) ਦਾ ਕੰਮ ਪੂਰਾ ਕਰਨ ਲਈ ਭੇਜਿਆ ਗਿਆ। ਇਹ ਨਿਰਮਾਣ ਕੰਮ ਅਗਲੇ ਸਾਲ ਤੱਕ ਪੂਰਾ ਹੋ ਜਾਵੇਗਾ।

Share