ਵਸ਼ਿੰਗਟਨ ਦੇ ਕਈ ਹਿੱਸਿਆਂ ’ਚ ਆਏ ਹੜ੍ਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ

308
ਸੈਡਰੋ-ਵੂਲੀ, ਵਾਸ਼ਿੰਗਟਨ ’ਚ ਹੜ੍ਹ ਦੇ ਪਾਣੀ ਵਿਚ ਘਿਰਿਆ ਇਕ ਘਰ ਨਜ਼ਰ ਆ ਰਿਹਾ ਹੈ
Share

ਲੋਕ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਹੋਏ ਮਜਬੂਰ
ਸੈਕਰਾਮੈਂਟੋ, 17 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਾਸ਼ਿੰਗਟਨ ਰਾਜ ਦੇ ਕਈ ਹਿੱਸਿਆਂ ’ਚ ਹੋ ਰਹੀ ਭਾਰੀ ਬਾਰਿਸ਼ ਤੇ ਸਰਦ ਤੇਜ਼ ਹਵਾਵਾਂ ਨੇ ਜਨਜੀਵਨ ਉਪਰ ਵਿਆਪਕ ਅਸਰ ਪਾਇਆ ਹੈ। ਰਾਜ ਦੇ ਕੁਝ ਹਿੱਸਿਆਂ ’ਚ ਹੜ੍ਹ ਆ ਗਿਆ ਹੈ ਤੇ ਲੋਕ ਸੁਰੱਖਿਅਤ ਥਾਵਾਂ ਉਪਰ ਜਾਣ ਲਈ ਮਜਬੂਰ ਹੋਏ ਹਨ। ਖਰਾਬ ਮੌਸਮ ਕਾਰਨ ਕਈ ਥਾਵਾਂ ’ਤੇ ਬਿਜਲੀ ਵੀ ਬੰਦ ਹੋ ਗਈ ਹੈ। ਗਵਰਨਰ ਜੈ ਇੰਸਲੀ ਨੇ ਹੰਗਾਮੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਵਟਕਾਮ ਕਾਊਂਟੀ ਜੋ ਕੈਨੇਡਾ ਦੀ ਸਰੱਹਦ ਨਾਲ ਲੱਗਦੀ ਹੈ, ਵਿਚ ਹੰਗਾਮੀ ਸਥਿੱਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੇ ਬਚਾਅ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੜ੍ਹ ਕਾਰਨ ਸੈਂਕੜੇ ਲੋਕ ਆਪਣੇ ਘਰ-ਬਾਰ ਛੱਡ ਕੇ ਕਾਊਂਟੀ ਦੇ ਉਤਰ-ਪੂਰਬ ਖੇਤਰ ਵਿਚ ਚਲੇ ਗਏ ਹਨ। ਵਟਕਾਮ ਕਾਊਂਟੀ ਦੇ ਪੁਲਿਸ ਮੁਖੀ ਦੇ ਦਫਤਰ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਗੱਡੀਆਂ ਰਾਹੀਂ ਕੱਢਿਆ ਗਿਆ ਹੈ ਪਰ ਜਿਥੇ ਪਾਣੀ ਜ਼ਿਆਦਾ ਡੂੰਘਾ ਹੈ, ਉਥੇ ਕਿਸ਼ਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਨੂੰ ਹੰਗਾਮੀ ਸਥਿਤੀ ’ਚ ਬਣਾਈਆਂ ਗਈਆਂ ਪਨਾਹ ਥਾਵਾਂ ਵਿਚ ਭੇਜਿਆ ਗਿਆ ਹੈ। ਅਧਿਕਾਰੀਆਂ ਅਨੁਸਾਰ ਲੋਕਾਂ ਤੱਕ ਪਹੁੰਚਣ ਲਈ ਰਾਤ ਭਰ ਵੀ ਕਾਰਵਾਈ ਜਾਰੀ ਰਹੀ। ‘ਵਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ’ ਅਨੁਸਾਰ ਬੇਲਿੰਘਮ ’ਚ ਢਿੱਗਾਂ ਡਿੱਗਣ ਕਾਰਨ ਰਾਸ਼ਟਰੀ ਮਾਰਗ ਦਾ 1-5 ਹਿੱਸਾ ਬੰਦ ਕਰ ਦਿੱਤਾ ਗਿਆ ਹੈੈ। ਪੱਛਮੀ ਤੱਟ ਦੇ ਨਾਲ ਮੈਕਸੀਕੋ ਤੋਂ ਕੈਨੇਡਾ ਤੱਕ ਜਾਂਦੀ ਇਹ ਪ੍ਰਮੁੱਖ ਸੜਕ ਹੈ। ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਕਿਸੇ ਵੀ ਸਥਿਤੀ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ।

Share