ਵਰਲਡ ਸਿੱਖ ਪਾਰਲੀਮੈਂਟ ਵੱਲੋਂ ‘ਬੰਦੀ ਸਿੰਘ ਰਿਹਾਈ ਮਾਰਚ’ ’ਚ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ

167
Share

ਨਿਊਯਾਰਕ, 12 ਜਨਵਰੀ (ਪੰਜਾਬ ਮੇਲ)- ਪੰਜਾਬ ਅਤੇ ਬਾਹਰਲੇ ਸੂਬਿਆਂ ਵਿਚ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਗੁਰਦੁਆਰਾ ਜੋਤੀ ਸਰੂਪ ਫਤਹਿਗੜ੍ਹ ਸਾਹਿਬ ਤੋਂ ਲੈ ਕੇ ਗਵਰਨਰ ਹਾਊਸ ਚੰਡੀਗੜ੍ਹ ਤੱਕ ਰੱਖੇ ਗਏ ਬੰਦੀ ਸਿੰਘ ਰਿਹਾਈ ਮਾਰਚ ਵਿਚ ਹੁਮਹੁੰਮਾ ਕੇ ਸ਼ਾਮਲ ਹੋਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਸਿੱਖ ਸਿਆਸੀ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਵਰਲਡ ਸਿੱਖ ਪਾਰਲੀਮੈਂਟ ਤਹਿ ਦਿਲੋਂ ਧੰਨਵਾਦ ਕਰਦੀ ਹੈ।
ਬੰਦੀ ਸਿੰਘ ਰਿਹਾਈ ਮਾਰਚ ਵਿਚ ਸਿੱਖਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਸਰਕਾਰ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਠੋਸ ਸੁਨੇਹਾ ਦਿੱਤਾ ਹੈ ਕਿ ਸਮੂਹ ਸਿੱਖਾਂ ਲਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦਾ ਮੁੱਦਾ ਬਹੁਤ ਹੀ ਅਹਿਮ ਹੈ ਅਤੇ ਸਮੂਹ ਸਿੱਖਾਂ ਦੀ ਭਾਵਨਾਨਾਂ ਇਸ ਮਸਲੇ ਨਾਲ ਜੁੜੀਆਂ ਹੋਈਆਂ ਹਨ ।
ਭਾਰਤ ਸਰਕਾਰ ਅਤੇ ਪੰਜਾਬ ਅਤੇ ਭਾਰਤ ਦੀਆਂ ਸਿਆਸੀ ਪਾਰਟੀਆਂ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੇ ਮਸਲੇ ਨੂੰ ਆਪਣੇ ਸਿਆਸੀ ਲਾਭ ਲੈਣ ਵਰਤਿਆ ਜਾਣਾ ਬਹੁਤ ਹੀ ਮੰਦਭਾਗਾ ਹੈ ਅਤੇ ਸਿੱਖ ਬੰਦੀਆਂ ਨਾਲ ਲਗਾਤਾਰ ਕੀਤੀ ਜਾ ਰਹੀ ਬੇਇਨਸਾਫੀ ਨੂੰ ਸਿੱਖ ਕਦੇ ਵੀ ਅੱਖੋਂ-ਪਰੋਖੇ ਨਹੀਂ ਕਰਨਗੇ। ਇਸ ਵਿਸ਼ਾਲ ਮਾਰਚ ਨੇ ਉਪਰੋਕਤ ਸੁਨੇਹਾ ਬਹੁਤ ਹੀ ਠੋਸ ਰੂਪ ਵਿਚ ਸਬੰਧਤ ਧਿਰਾਂ ਦੇ ਕੰਨਾਂ ਤੱਕ ਪਹੁੰਚਾ ਦਿੱਤਾ ਹੈ।
ਵਰਲਡ ਸਿੱਖ ਪਾਰਲੀਮੈਂਟ ਸਮੂਹ ਸਿੱਖਾਂ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਜਦ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਨਹੀਂ ਹੋ ਜਾਂਦੀ, ਇਸੇ ਤਰ੍ਹਾਂ ਹੀ ਇਕਜੁੱਟਤਾ ਦਾ ਪ੍ਰਗਟਾਵਾ ਕਰਕੇ ਸਮੂਹ ਬੰਦੀ ਸਿੰਘਾਂ ਅਤੇ ਸਿੱਖ ਨੌਜਵਾਨਾਂ ਦੇ ਨਾਲ ਹੋ ਰਹੀਆਂ ਬੇਇਨਸਾਫੀਆਂ ਖਿਲਾਫ ਆਵਾਜ਼ ਉਠਾਉਂਦੇ ਰਹਿਣ। ਵਰਲਡ ਸਿੱਖ ਪਾਰਲੀਮੈਂਟ ਬੰਦੀ ਸਿੰਘ ਰਿਹਾਈ ਮਾਰਚ ਉਲੀਕਣ ਵਾਲੀਆ ਜਥੇਬੰਦੀਆਂ ਅਤੇ ਮਾਰਚ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਸਮੂਹ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦਾ ਧੰਨਵਾਦ ਕਰਦੀ ਹੈ ।

Share