ਵਰਲਡ ਸਿੱਖ ਪਾਰਲੀਮੈਂਟ ਦੀ ਮੀਡੀਆ ਕੌਂਸਲ ਵੱਲੋਂ ਸੀਨੀਅਰ ਪੱਤਰਕਾਰ ਦੀ ਪੁਲਿਸ ਵੱਲੋਂ ਕੁੱਟਮਾਰ ਦੀ ਨਿਖੇਧੀ

736
Share

ਵਾਸ਼ਿੰਗਟਨ, 27 ਮਈ (ਪੰਜਾਬ ਮੇਲ)-ਵਰਲਡ ਸਿੱਖ ਪਾਰਲੀਮੈਂਟ ਦੀ ਮੀਡੀਆ ਕੌਂਸਲ ਰੋਜ਼ਾਨਾ ਪਹਿਰੇਦਾਰ ਨਾਲ ਜੁੜੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਪੁਲਿਸ ਵੱਲੋਂ ਨਾਜਾਇਜ਼ ਕੁੱਟਮਾਰ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦੀ ਹੈ। ਪੱਤਰਕਾਰੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਵਾਲ ਪੁੱਛਣ ਕਰਕੇ ਪੁਲਿਸ ਵੱਲੋਂ ਅੰਮ੍ਰਿਤਧਾਰੀ ਸ ਮੇਜਰ ਸਿੰਘ ਦੀ ਕੁੱਟਮਾਰ ਦੇ ਨਾਲ ਕਕਾਰਾਂ ਦੀ ਬੇਅਦਬੀ ਵੀ ਕੀਤੀ ਹੈ, ਜਿਸ ਤੋਂ ਪੰਜਾਬ ਪੁਲਿਸ ਦਾ ਤਾਨਾਸ਼ਾਹੀ ਖਾਸਾ ਸਾਡੇ ਸਾਹਮਣੇ ਆਉਂਦਾ ਹੈ, ਜਿਸ ਖਿਲਾਫ ਅਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ।
ਕੋਰੋਨਾਵਾਇਰਸ ਦੀ ਮਹਾਂਮਾਰੀ ਦੀ ਆੜ ‘ਚ ਸਰਕਾਰਾਂ ਵੱਲੋਂ ਜਿਸ ਤਰ੍ਹਾਂ ਸਖਤ ਕਾਨੂੰਨ ਬਣਾ ਕੇ ਆਮ ਜਨਤਾ ਦੀ ਅਵਾਜ਼ ਦਬਾਈ ਜਾ ਰਹੀ ਹੈ ਤੇ ਸਰਕਾਰ ਵਿਰੋਧੀ ਅਵਾਜ਼ ਨੂੰ ਦਵਾਇਆ ਜਾ ਰਿਹਾ ਹੈ, ਪੱਤਰਕਾਰ ਮੇਜਰ ਸਿੰਘ ਉੱਤੇ ਪੁਲਿਸ ਵੱਲੋਂ ਕੀਤਾ ਗਿਆ ਹਮਲਾ ਇਸ ਦੀ ਸਾਖਸ਼ਾਤ ਸ਼ਾਹਦੀ ਭਰਦਾ ਹੈ।
ਇਤਿਹਾਸ ਗਵਾਹੀ ਦਿੰਦਾ ਹੈ ਕਿ ਪਿਛਲੇ ਸਮਿਆਂ ‘ਚ ਜਦੋਂ ਪ੍ਰੈੱਸ ਆਜ਼ਾਦ ਨਹੀਂ ਸੀ ਤੇ ਬਿਲਕੁਲ ਅਵਾਜ਼ ਬੁਲੰਦ ਨਹੀਂ ਸੀ ਕਰ ਸਕਦੀ ਤਾਂ ਪੰਜਾਬ ਪੁਲਿਸ ਨੇ ਸਰਕਾਰੀ ਸ਼ਹਿ ਤੇ ਕਿਸ ਤਰ੍ਹਾਂ ਹੱਕ ਸੱਚ ਦੀ ਅਵਾਜ਼ ਦਬਾਉਣ ਲਈ ਗੈਰ ਕਾਨੂੰਨੀ ਕਾਰੇ ਕੀਤੇ ਤੇ ਅਣਮਨੁੱਖੀ ਤਸ਼ੱਦਦ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ਪਰ ਅੱਜ ਦੇ ਸਮੇਂ ਵਿਚ ਸ਼ਰੇਆਮ ਦਿਨ-ਦਿਹਾੜੇ ਕੈਮਰੇ ਦੀ ਅੱਖ ਸਾਹਮਣੇ ਜਿਸ ਤਰ੍ਹਾਂ ਪੁਲਿਸ ਵੱਲੋਂ ਆਮ ਕਰਕੇ ਜਨਤਾ ਨਾਲ ਤੇ ਖਾਸ ਕਰਕੇ ਪੱਤਰਕਾਰਾਂ ਨਾਲ ਕੀਤਾ ਜਾ ਰਿਹਾ ਹੈ, ਇਸ ਨਾਲ ਪੁਲਿਸ ਦੀ ਹੈਂਕੜਬਾਜ਼ੀ ਅਤੇ ਅਣਮਨੁੱਖੀ ਚਿਹਰਾ ਪੂਰੀ ਤਰ੍ਹਾਂ ਉਜਾਗਰ ਹੋ ਜਾਂਦਾ ਹੈ। ਮੇਜਰ ਸਿੰਘ ਤੋਂ ਪਹਿਲਾਂ ਵੀ ਭਾਈ ਭੁਪਿੰਦਰ ਸਿੰਘ ਸੱਜਣ ਨੂੰ ਪੁਲਿਸ ਦੇ ਤਸ਼ੱਦਦ ਨੂੰ ਸਾਹਮਣੇ ਲਿਆਉਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਹੋਰ ਪੱਤਰਕਾਰ ਵੀ ਪਿਛਲੇ ਦਿਨੀਂ ਸਰਕਾਰੀ ਜਬਰ ਦਾ ਸ਼ਿਕਾਰ ਹੋਏ ਹਨ।
ਵਰਲਡ ਸਿੱਖ ਪਾਰਲੀਮੈਂਟ ਦਾ ਮੰਨਣਾ ਹੈ ਕਿ ਜੇ ਅੱਜ ਸਰਕਾਰਾਂ ਦੇ ਅਣਮਨੁੱਖੀ ਤੇ ਗੈਰ ਕਾਨੂੰਨੀ ਵਤੀਰੇ ਨੂੰ ਠੱਲ੍ਹ ਨਾ ਪਾਈ ਗਈ, ਤਾਂ ਇਹੋ ਜਿਹੇ ਜ਼ੁਲਮਾਂ ਦੀ ਗਿਣਤੀ ਵਧਦੀ ਹੀ ਜਾਵੇਗੀ। ਇਸ ਲਈ ਇਨਸਾਫਪਸੰਦ ਸਿੱਖਾਂ ਨੂੰ ਇਸ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ। ਵਰਲਡ ਸਿੱਖ ਪਾਰਲੀਮੈਂਟ ਆਪਣੇ ਪਲੇਟਫਾਰਮ ਤੋਂ ਇਸ ਮਸਲੇ ਨੂੰ ਪੂਰੀ ਦੁਨੀਆਂ ਵਿਚ ਉਠਾਏਗੀ ।
ਮੌਜੂਦਾ ਸਮੇਂ ਦੀ ਸਰਕਾਰਾਂ ਕੋਰੋਨਾਵਾਇਰਸ ਮਹਾਂਮਾਰੀ ਦਾ ਸਹਾਰਾ ਲੈ ਕੇ ਲੋਕ ਲਾਮਬੰਦੀ ਨੂੰ ਰੋਕ ਰਹੀਆਂ ਹਨ ਤੇ ਇਸ ਦਾ ਨਤੀਜਾ ਹੀ ਹੈ ਕਿ ਸਰਕਾਰਾਂ ਖੁੱਲ੍ਹੇਆਮ ਤਸ਼ੱਦਦ ਕਰ ਰਹੀਆਂ ਹਨ ਤੇ ਉਨ੍ਹਾਂ ਵਿਚੋਂ ਲੋਕਾਈ ਦੇ ਵਿਰੋਧ ਦਾ ਡਰ ਖਤਮ ਹੋ ਰਿਹਾ ਹੈ। ਸਰਕਾਰਾਂ ਨੂੰ ਲੋਕਾਂ ਦੀ ਆਵਾਜ਼ ਦਾ ਡਰ ਪਾਉਣਾ ਹੀ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਤੇ ਸਾਨੂੰ ਸਭ ਨੂੰ ਮਿਲ ਕੇ ਇਸ ਪਾਸੇ ਕਦਮ ਉਠਾਉਣੇ ਚਾਹੀਦੇ ਹਨ।
ਵਰਲਡ ਸਿੱਖ ਪਾਰਲੀਮੈਂਟ ਹੱਕ ਤੇ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੀ ਪੱਤਰਕਾਰੀ ਨਾਲ ਸਦਾ ਖੜ੍ਹੀ ਹੈ ਤੇ ਪੱਤਰਕਾਰਾਂ ਵੱਲੋਂ ਸਰਕਾਰਾਂ ਨੂੰ ਕਟਿਹਰੇ ਵਿਚ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣ ਵਾਲੀਆਂ ਤਾਕਤਾਂ ਖਿਲਾਫ ਲੜਾਈ ਲੜਨ ਲਈ ਵਚਨਬੱਧ ਹੈ ।

ਜਨਰਲ ਸਕੱਤਰ
ਹਰਦਿਆਲ ਸਿੰਘ ਯੂ.ਐੱਸ.ਏ
ਮਨਪ੍ਰੀਤ ਸਿੰਘ ਯੂ.ਕੇ.


Share