ਵਰਜੀਨੀਆ ਏਅਰਪੋਰਟ ’ਤੇ ਅਫਗਾਨੀ ਸ਼ਰਨਾਰਥੀਆਂ ਲਈ ਖੋਲ੍ਹਿਆ ਕੋਰੋਨਾ ਵੈਕਸੀਨ ਕੇਂਦਰ

493
Share

ਫਰਿਜ਼ਨੋ, 29 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੁਆਰਾ ਹਜ਼ਾਰਾਂ ਦੀ ਗਿਣਤੀ ਵਿਚ ਅਫਗਾਨੀ ਲੋਕਾਂ ਨੂੰ ਅਫਗਾਨਿਸਤਾਨ ਵਿਚੋਂ ਸੁਰੱਖਿਅਤ ਕੱਢਿਆ ਜਾ ਰਿਹਾ ਹੈ ਅਤੇ ਸੈਂਕੜੇ ਅਫਗਾਨੀ ਸ਼ਰਨਾਰਥੀ ਰੋਜ਼ਾਨਾ ਵਰਜੀਨੀਆ ਦੇ ਡੂਲੇਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚ ਰਹੇ ਹਨ। ਕੋਰੋਨਾਵਾਇਰਸ ਦੀ ਲਾਗ ਦੇ ਫੈਲਣ ਤੋਂ ਰੋਕਣ ਲਈ ਅਮਰੀਕੀ ਪ੍ਰਸ਼ਾਸਨ ਵੱਲੋਂ ਇਸ ਏਅਰਪੋਰਟ ’ਤੇ ਅਫਗਾਨੀ ਸ਼ਰਨਾਰਥੀਆਂ ਲਈ ਵੈਕਸੀਨ ਕੇਂਦਰ ਖੋਲ੍ਹਿਆ ਗਿਆ ਹੈ। ਇਸ ਸਬੰਧੀ ਵਾਈਟ ਹਾਊਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਡੂਲੇਸ ਐਕਸਪੋ ਸੈਂਟਰ ਵਿਖੇ ਵੈਕਸੀਨ ਸਾਈਟ ਸਥਾਪਤ ਕੀਤੀ ਹੈ ਅਤੇ ਨੈਸ਼ਨਲ ਡਿਜ਼ਾਸਟਰ ਮੈਡੀਕਲ ਸਿਸਟਮ ਟੀਮ ਨੇ ਸਿੰਗਲ-ਡੋਜ਼ ਜੌਹਨਸਨ ਐਂਡ ਜੌਹਨਸਨ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਅਫਗਾਨ ਨਿਵਾਸੀਆਂ ਦੀ ਪਹਿਲਾਂ ਹੀ ਡਾਕਟਰੀ ਜਾਂਚ ਕੀਤੀ ਜਾ ਰਹੀ ਸੀ ਅਤੇ ਨਿਊਜਰਸੀ, ਵਰਜੀਨੀਆ, ਵਿਸਕਾਨਸਿਨ ਅਤੇ ਟੈਕਸਾਸ ਦੇ ਵੱਖ-ਵੱਖ ਅਮਰੀਕੀ ਫੌਜੀ ਠਿਕਾਣਿਆਂ ’ਤੇ ਭੇਜਣ ਤੋਂ ਪਹਿਲਾਂ ਉਨ੍ਹਾਂ ਨੂੰ ਅਸਥਾਈ ਤੌਰ’ ਤੇ ਕਨਵੈਨਸ਼ਨ ਕੇਂਦਰ ਵਿਚ ਰੱਖਿਆ ਗਿਆ ਸੀ। ਇਸ ਏਅਰਪੋਰਟ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਫਿਲਾਫੇਲਫੀਆ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਵਾਲੇ ਅਫਗਾਨੀ ਸ਼ਰਨਾਰਥੀਆਂ ਲਈ ਵੀ ਵੈਕਸੀਨ ਕੇਂਦਰ ਖੁੱਲ੍ਹਣ ਦੀ ਉਮੀਦ ਹੈ। ਅਮਰੀਕੀ ਸਰਕਾਰ ਦੇ ਅਨੁਸਾਰ ਵਾਇਰਸ ਤੋਂ ਸੁਰੱਖਿਆ ਲਈ ਸਾਰੇ ਅਫਗਾਨ ਸ਼ਰਨਾਰਥੀਆਂ ਨੂੰ ਦਾਖਲੇ ਦੀ ਸ਼ਰਤ ਵਜੋਂ ਕੋਰੋਨਾ ਟੀਕਾ ਲਗਵਾਉਣਾ ਜ਼ਰੂਰੀ ਹੈ।

Share