ਵਾਸ਼ਿੰਗਟਨ, 25 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਟਰੰਪ ਲੌਕਡਾਊਨ ਲਾਗੂ ਹੋਣ ਦੇ 75 ਦਿਨ ਬਾਅਦ ਗੋਲਫ ਖੇਡਣ ਪੁੱਜੇ। ਉਹ ਵਰਜੀਨਿਆ ਸਥਿਤ ਅਪਣੇ ਗੋਲਫ ਕੋਰਸ ਵਿਚ ਅਪਣੀ ਚਿੱਟੇ ਰੰਗ ਦੀ ਪੋਲੋ ਸ਼ਰਟ ਅਤੇ ਬੇਸਬਾਲ ਕੈਪ ਪਹਿਨ ਕੇ ਗੋਲਫ਼ ਖੇਡਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀਕਰੇਟ ਸਰਵਿਸ ਦੇ ਏਜੰਟ ਵੀ ਮੌਜੂਦ ਸੀ। ਉਨ੍ਹਾਂ ਦੇ ਏਜੰਟਾਂ ਨੇ ਮਾਸਕ ਪਾ ਰੱਖੇ ਸੀ ਪਰ ਟਰੰਪ ਬਗੈਰ ਮਾਸਕ ਦੇ ਸਨ।
ਮਹਾਮਾਰੀ ਦੇ ਵਿਚ ਉਨ੍ਹਾਂ ਦੇ ਗੋਲਫ ਖੇਡਣ ਜਾਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਅਮਰੀਕਾ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇੱਥੇ ਮੌਤਾਂ ਦਾ ਅੰਕੜਾ 1 ਲੱਖ ਤੱਕ ਪਹੁੰਚ ਗਿਆ।
ਗੋਲਫ ਖੇਡਣ ਨੂੰ ਲੈ ਕੇ ਟਰੰਪ ਪਹਿਲਾਂ ਵੀ ਵਿਵਾਦਾਂ ਵਿਚ ਰਹੇ ਹਨ। 2016 ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਸੀ ਕਿ ਮੈਂ ਆਪ ਲੋਕਾਂ ਦੇ ਲਈ ਕੰਮ ਕਰਨ ਜਾ ਰਿਹਾ ਹਾਂ। ਇਸ ਤੋਂ ਬਾਅਦ ਮੇਰੇ ਕੋਲ ਗੋਲਫ ਖੇਡਣ ਦੇ ਲਈ ਵੀ ਸਮਾਂ ਨਹੀਂ ਹੋਵੇਗਾ। ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਤੱਕ ਟਰੰਪ 200 ਵਾਰ ਗੋਲਫ ਖੇਡ ਚੁੱਕੇ ਹਨ। ਉਨ੍ਹਾਂ ਆਖਰੀ ਵਾਰ 8 ਮਾਰਚ ਨੂੰ ਗੋਲਫ ਖੇਡੀ ਸੀ। ਉਸ ਸਮੇਂ ਅਮਰੀਕਾ ਵਿਚ ਕੋਰੋਨਾ ਵਾਇਰਸ ਰਫਤਾਰ ਫੜ ਰਿਹਾ ਸੀ। 2014 ਵਿਚ ਜਦ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਸੀ, ਤਦ ਟਰੰਪ ਅਕਸਰ ਗੋਲਫ ਖੇਡਣ ਦੇ ਲਈ ਉਨ੍ਹਾਂ ਦੀ ਆਲੋਚਨਾ ਕਰਦੇ ਸੀ।