ਵਰਕ ਵੀਜ਼ਾ ਹੋਲਡਰ ਨਿਊਜ਼ੀਲੈਂਡ ਵਾਪਿਸ ਪਰਤਣ ਦੇ ਯੋਗ ਰਹਿਣਗੇ, ਸੁਰੱਖਿਅਤ ਰਸਤੇ ਦੀ ਭਾਲ ਜਾਰੀ -ਪ੍ਰਧਾਨ ਮੰਤਰੀ

766
Share

Back to NZ: ਕਿਰਨ ਆਸ ਦੀ…ਸੂਰਜ ਵੀ ਨਿਕਲੇਗਾ
ਔਕਲੈਂਡ, 27 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਇਕ ਭਾਰਤੀ ਰੇਡੀਓ ਚੈਨਲ ਨਾਲ ਗੱਲਬਾਤ ਕਰਦਿਆਂ ਭਾਰਤ ਫਸੇ ਵਰਕ ਵੀਜ਼ਾ ਧਾਰਕਾਂ ਲਈ ਆਸ ਦੀ ਕਿਰਨ ਜਗਾ ਦਿੱਤੀ ਹੈ। ਵਿਸ਼ਵਾਸ਼ ਹੈ ਕਿ ਕਰੋਨਾ ‘ਤੇ ਪੂਰਨ ਕਾਬੂ ਪੈਂਦਿਆ ਅਤੇ ਅੰਤਰਰਾਸ਼ਟਰੀ ਸਰਹੱਦਾਂ ਖੁੱਲ੍ਹਣ ਬਾਅਦ ਨਵੀਂ ਸਵੇਰ ਵਾਲਾ ਸੂਰਜ ਵੀ ਹਜ਼ਾਰਾਂ ਲੋਕਾਂ ਦੀ ਕਿਸਮਤ ਆਪਣੀ ਰੌਸ਼ਨੀ ਨਾਲ ਚਮਕਾਏਗਾ। ਵਰਕ ਵੀਜ਼ਾ ਧਾਰਕਾਂ ਅਤੇ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਆਸ ਦੀ ਚਮਕ ਅਜੇ ਵੀ ਟਿਮਟਿਮਾਉਂਦੀ ਹੈ ਤਾਂ ਕਿ ਉਹ ਵਾਪਿਸ ਨਿਊਜ਼ੀਲੈਂਡ ਪਰਤ ਸਕਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗੰਭੀਰਤਾ ਦੇ ਨਾਲ ਇਕ ਸੁਰੱਖਿਅਤ ਰਾਹ ਦੀ ਤਲਾਸ਼ ਵਿਚ ਹੈ ਤਾਂ ਕਿ ਦੂਜੇ ਮੁਲਕਾਂ ਦੇ ਵਿਚ ਫਸੇ ਅਸਥਾਈ ਵੀਜ਼ਾ ਧਾਰਕ ਵੀ ਇਥੇ ਵਾਪਿਸ ਆ ਸਕਣ। ਉਨ੍ਹਾਂ ਕਿਹਾ ਕਿ ਇਹ ਗੱਲ ਨੂੰ ਸਵੀਕਾਰਦੇ ਹਨ ਕਿ ਭਵਿੱਖ ਦੇ ਲਈ ਅਜੇ ਵੀ ਕੁਝ ਪੁੱਟੇ ਹੋਏ ਰਸਤੇ ਹਨ ਜਿਨ੍ਹਾਂ ਦੇ ਰਾਹੀਂ ਦੇਸ਼ ਦੇ ਅੰਦਰ ਲੋਕ ਸਮੂਹਿਕ ਤੇ ਨਿਯੰਤਰਣ ਰੂਪ ਵਿਚ ਆ ਸਕਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲੀ ਚੀਜ਼ ਕਰਨ ਵਾਲੀ ਇਹ ਹੈ ਕਿ ਜਿਹੜੇ ਲੋਕ ਨਿਊਜ਼ੀਲੈਂਡ ‘ਚ ਜ਼ਿੰਦਗੀ ਜਿਉਂਦਿਆਂ ਆਪਣੇ ਪਰਿਵਾਰਾਂ ਤੋਂ ਵੱਖਰੇ ਹੋ ਕੇ ਰਹਿ ਗਏ ਹਨ ਉਨ੍ਹਾਂ ਦੀ ਇਥੇ ਵਾਪਿਸੀ ਦੀ ਯੋਗਤਾ ਨੂੰ ਯਕੀਨੀ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਉਤੇ ਕੰਮ ਕਰ ਰਹੇ ਹਨ ਅਤੇ ਦੂਜਾ ਕੰਮ ਇਹ ਕਿ ਜਿਨ੍ਹਾਂ ਕੋਲ ਕਾਨੂੰਨੀ ਹੱਕ ਹੈ ਇਥੇ ਆ ਕੇ ਕੰਮ ਕਰਨ ਦਾ ਅਤੇ ਪੜ੍ਹਾਈ ਕਰਨ ਦਾ ਉਨ੍ਹਾਂ ਦੇ ਲਈ ਕੁਝ ਪ੍ਰਬੰਧ ਕਰਨਾ। ਕਿਸੇ ਦੇ ਵੀ ਇਥੇ ਪਰਤਣ ਉਤੇ 14 ਦਿਨਾਂ ਦਾ ਏਕਾਂਤਵਾਸ ਅਤੇ ਉਸਦੇ ਲਈ ਪੁਖਤਾ ਪ੍ਰਬੰਧ ਕਰਨੇ ਇਹ ਸਾਰੇ ਸਰਕਾਰ ਨੂੰ ਵੇਖਣੇ ਪੈ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਕਿ ਵਿਦੇਸ਼ ਫਸੇ ਵਰਕ ਵੀਜਾ ਹੋਲਡਰ ਅਤੇ ਵਿਦਿਆਰਥੀ ਕਦੋਂ ਵਾਪਿਸ ਬੁਲਾਏ ਜਾ ਸਕਦੇ ਹਨ? ਤਾਂ ਇਸਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਮੰਤਰੀ ਇਸ ਉਤੇ ਕੰਮ ਕਰ ਰਹੇ ਹਨ ਅਤੇ ਕੈਬਿਨਟ ਦੇ ਸਾਹਮਣੇ ਇਹ ਕੇਸ ਜਲਦੀ ਆਵੇਗਾ। ਜਿਨ੍ਹਾਂ ਦੀਆਂ ਨੌਕਰੀ ਚਲੇ ਗਈਆਂ ਉਨ੍ਹਾਂ ਬਾਰੇ ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਨੌਕਰੀਆ ਦੁਬਾਰਾ ਬਹਾਲ ਨਹੀਂ ਹੋ ਜਾਂਦੀਆਂ ਓਨਾ ਚਿਰ ਸਰਕਾਰ ਉਨ੍ਹਾਂ ਦੀ ਦੇਖਭਾਲ ਵਿਚ ਆਪਣਾ ਯੋਗਦਾਨ ਪਾ ਰਹੀ ਹੈ।


Share