ਲੰਮੀ ਗ਼ੈਰਹਾਜ਼ਰੀ ਬਾਅਦ ਗਾਇਕ ਅਕਾਸ਼ਦੀਪ ਦੀਵਾਲੀ-2 ਗੀਤ ਨਾਲ ਫਿਰ ਚਰਚਾ ’ਚ

310
Share

ਫਰਿਜ਼ਨੋ, 2 ਨਵੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਅਮਰੀਕਾ ਵਸਦੇ ਗਾਇਕ ਅਕਾਸ਼ਦੀਪ ਜਿਸ ਨੇ ਗੀਤ ‘‘ਸਾਡੀ ਤੂੰਹੀ ਇਹ ਦੀਵਾਲੀ ਦੀਵੇ ਲਾਉਣ ਵਾਲੀਏ’’ ਨਾਲ ਇੱਕ ਵਾਰੀ ਪੂਰੀ ਦੁਨੀਆਂ ਵਿਚ ਧੁੰਮ ਪਾ ਦਿੱਤੀ ਸੀ। ਉਸ ਦੀਆਂ ਤਕਰੀਬਨ ਦਸ-ਬਾਰਾਂ ਕੈਸਿਟਾਂ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣ ਚੁੱਕੀਆਂ ਹਨ, ਜਿਨ੍ਹਾਂ ਵਿਚ ਚੱਲ ਮੇਲੇ ਚੱਲੀਏ, ਰਹੇ ਬਿਸਤਰਾ ਗੋਲ਼ ਨੀ ਮਾਂ ਪ੍ਰਦੇਸੀ ਮਾਹੀ ਦਾ ਆਦਿ ਉਸਦੇ ਮਕਬੂਲ ਗੀਤਾਂ ਦੇ ਕੁਝ ਕੁ ਨਮੂਨੇ ਹਨ। ਪ੍ਰਦੇਸਾਂ ਵਿਚ ਆਕੇ ਕਈ ਵਾਰ ਇਨਸਾਨ ਮਜਬੂਰੀਆਂ ਵੱਸ ਆਪਣੀ ਲਾਈਨ ਤੋਂ ਉੱਕ ਜਾਂਦਾ ਹੈ। ਅਮਰੀਕਾ ਵਿਚ ਘਰ-ਬਾਰ ਬਣਾਕੇ, ਆਪਣੇ ਪਰਿਵਾਰ ਨੂੰ ਸੈੱਟ ਕਰਨ ਤੋਂ ਬਾਅਦ ਅਕਾਸ਼ਦੀਪ ਇੱਕ ਵਾਰ ਫੇਰ ਸਰਗਰਮ ਹੋਇਆ ਹੈ ਅਤੇ ਉਹ ਕਈ ਸਿੰਗਲ ਟ੍ਰੈਕ ਲੈ ਕੇ ਦਰਸ਼ਕਾਂ ਦੀ ਕਚਿਹਰੀ ਵਿਚ ਜਲਦ ਹਾਜ਼ਰ ਹੋ ਰਿਹਾ ਹੈ। ਉਸਨੇ ਪਹਿਲੀ ਦਸਤਕ ਆਪਣੇ ਨਵੇਂ ਨਕੋਰ ਗੀਤ ਦੀਵਾਲੀ-2 ਜ਼ਰੀਏ ਦਿੱਤੀ ਹੈ, ਇਸ ਗੀਤ ਨੂੰ ਉਸਦੇ ਚਾਹੁਣ ਵਾਲ਼ਿਅੲ ਵੱਲੋਂ ਰੱਜਵਾ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਲਿਖਿਆ ਹੈ ਸਫ਼ੀ ਜਲਵੇੜਾ ਨੇ, ਅਤੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਉੱਘੇ ਸੰਗੀਤਕਾਰ ਲਾਲ ਕਮਲ ਨੇ। ਇਸ ਗੀਤ ਦੀ ਮਿਕਸਿੰਗ ਅਮੀਤ ਮੋਗਾ ਵੱਲੋਂ ਕੀਤੀ ਗਈ ਹੈ। ਵੀਡੀਓ ਨਿਰਦੇਸ਼ਨ ਸੱਜਣ ਧਾਲੀਵਾਲ ਨੇ ਬਾਖੂਬੀ ਕੀਤਾ ਹੈ। ਅਕਾਸ਼ਦੀਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਇਸ ਗੀਤ ਤੋਂ ਬਹੁਤ ਉਮੀਦਾਂ ਹਨ, ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਕੇ ਅਸੀਂ ਇਹ ਗੀਤ ਮਾਰਕੀਟ ਵਿਚ ਉਤਾਰਿਆ ਹੈ। ਸਾਨੂੰ ਆਸ ਹੈ ਕਿ ਜਿਵੇਂ ਪਹਿਲਾਂ ਵਾਲੇ ਦੀਵਾਲੀ ਗੀਤ ਨੂੰ ਲੋਕਾਂ ਨੇ ਹਿੱਟ ਕੀਤਾ ਸੀ, ਇਸ ਗੀਤ ਨੂੰ ਵੀ ਰੱਜਵਾਂ ਪਿਆਰ ਦੇਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਬਿਲਕੁਲ ਨਵੇਂ ਵਿਸ਼ਿਆਂ ਨਾਲ ਸਬੰਧਤ ਸਿੰਗਲ ਟ੍ਰੈਕ ਲੈ ਕੇ ਤੁਹਾਡੀ ਕਚਿਹਰੀ ਵਿਚ ਹਾਜ਼ਰ ਹੁੰਦਾ ਰਹਾਂਗਾ।

Share