ਲੰਡਨ ਹਾਈ ਕੋਰਟ ਵੱਲੋਂ ਬਰਤਾਨਵੀ ਸਿੱਖ ਸਮੂਹ ਵੱਲੋਂ 2021 ਜਨਗਣਨਾ ਲਈ ਨਸਲੀ ਬਕਸਾ ਸ਼ਾਮਲ ਕਰਨ ਦੀ ਚੁਣੌਤੀ ਰੱਦ

484
Share

ਲੰਡਨ, 7 ਨਵੰਬਰ (ਪੰਜਾਬ ਮੇਲ)- ਲੰਡਨ ਦੀ ਹਾਈ ਕੋਰਟ ਨੇ ਬਰਤਾਨਵੀ ਸਿੱਖ ਸਮੂਹ ਵਲੋਂ ਅਗਲੀ ਜਨਗਣਨਾ (2021) ਲਈ ਸਿੱਖ ਨਸਲ ਲਈ ਵੱਖਰੀ ਸਹੀ ਵਾਲਾ ਖਾਨਾ ਸ਼ਾਮਲ ਕਰਨ ਵਿਚ ਅਸਫ਼ਲ ਰਹੇ ਯੂ.ਕੇ. ਕੈਬਨਿਟ ਦਫ਼ਤਰ ਖ਼ਿਲਾਫ਼ ਦਿੱਤੀ ਚੁਣੌਤੀ ਨੂੰ ਰੱਦ ਕੀਤਾ ਹੈ। ਜਸਟਿਸ ਅਖ਼ਲਾਕ ਚੌਧਰੀ ਨੇ ਇਹ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਜਨਗਣਨਾ ਦਾ ਮੌਜੂਦਾ ਡਿਜ਼ਾਈਨ ਲੋਕਾਂ ਨੂੰ ਆਪਣੇ-ਆਪ ਦੀ ਸਿੱਖ ਨਸਲ ਵਜੋਂ ਲਿਖਤੀ ਪਛਾਣ ਕਰਨ ਤੋਂ ਨਹੀਂ ਰੋਕੇਗਾ। ਉਨ੍ਹਾਂ ਕਿਹਾ ਕਿ ਭਾਵੇਂ ਨਸਲੀ ਸਮੂਹ ਦੇ ਪ੍ਰਸ਼ਨ ਦੇ ਜਵਾਬ ਵਿਚ ਉਹ ਸਿੱਖਾਂ ਲਈ ਵਿਸ਼ੇਸ਼ ਖਾਨੇ ਦੀ ਅਹਿਮੀਅਤ ਨੂੰ ਘੱਟ ਨਹੀਂ ਮੰਨਦੇ ਪ੍ਰੰਤੂ ਜਨਗਣਨਾ ਦੇ ਮੌਜੂਦਾ ਡਿਜ਼ਾਈਨ ਅਨੁਸਾਰ ਕੋਈ ਵੀ ਵਿਅਕਤੀ ਜੇਕਰ ਆਪਣੀ ਸ਼ਨਾਖਤ ਸਿੱਖ ਨਸਲ ਵਜੋਂ ਕਰਵਾਊਣਾ ਚਾਹੇ, ਤਾਂ ਉਹ ਲਿਖਤੀ ਜਵਾਬ ਵਿਚ ਆਪਣੀ ਸ਼ਨਾਖ਼ਤ ਸਿੱਖ ਵਜੋਂ ਭਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੌਮੀ ਜਨਗਣਨਾ ਦੇ ਵੱਡੇ ਪੱਧਰ ਦੇ ਪ੍ਰੋਜੈਕਟ ਨੂੰ ਧਿਆਨ ਵਿਚ ਰੱਖਦਿਆਂ ਕਾਰਜਕਾਰੀ ਫ਼ੈਸਲਿਆਂ ਬਾਰੇ ਕਿਸੇ ਚੁਣੌਤੀ ਕਾਰਨ ਚੱਲ ਰਹੇ ਕੰਮ ਨੂੰ ਰੋਕਣਾ ਸਹੀ ਨਹੀਂ ਹੋਵੇਗਾ। ਇਹ ਚੁਣੌਤੀ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਦਿੱਤੀ ਗਈ ਸੀ।


Share