ਲੰਡਨ ਹਾਈਕੋਰਟ ਵਲੋਂ ਨੀਰਵ ਮੋਦੀ ਦੀ ਭਾਰਤ ਹਵਾਲਗੀ ਰੋਕਣ ਸਬੰਧੀ ਪਟੀਸ਼ਨ ਰੱਦ

117
Share

ਲੰਡਨ, 24 ਜੂਨ (ਪੰਜਾਬ ਮੇਲ)- ਪੰਜਾਬ ਨੈਸ਼ਨਲ ਬੈਂਕ ਨਾਲ ਲਗਪਗ ਦੋ ਅਰਬ ਡਾਲਰ ਦੇ ਘੁਟਾਲੇ ਦੇ ਮਾਮਲੇ ‘ਚ ਯੂ.ਕੇ. ਹਾਈਕੋਰਟ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਵਲੋਂ ਭਾਰਤ ਹਵਾਲਗੀ ਵਿਰੁੱਧ ਦਾਇਰ ਕੀਤੀ ਪਟੀਸ਼ਨ ਖ਼ਾਰਜ ਕਰ ਦਿੱਤੀ ਹੈ | ਇਸ ਤਰ੍ਹਾਂ ਉਹ ਹਵਾਲਗੀ ਰੋਕਣ ਸਬੰਧੀ ਅਪੀਲ ਦੇ ਪਹਿਲੇ ਗੇੜ ‘ਚ ਆਪਣੀ ਲੜਾਈ ਹਾਰ ਗਿਆ | ਜ਼ਿਕਰਯੋਗ ਹੈ ਕਿ ਇਸ ਸਾਲ 15 ਅਪ੍ਰੈਲ ਨੂੰ ਯੂ.ਕੇ. ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਲਈ ਮਨਜ਼ੂਰੀ ਦੇ ਦਿੱਤੀ ਸੀ | ਹਾਈਕੋਰਟ ਦੇ ਜੱਜ ਸਾਹਮਣੇ ਨੀਰਵ ਦੀ ਅਪੀਲ ਇਹ ਦਸਤਾਵੇਜ਼ੀ ਫ਼ੈਸਲੇ ਕਰਨ ਨਾਲ ਸਬੰਧਿਤ ਸੀ ਕੀ ਉਸ ਨੂੰ ਭਾਰਤ ਦੇ ਹਵਾਲੇ ਕਰਨ ਸਬੰਧੀ ਗ੍ਰਹਿ ਮੰਤਰੀ ਦੇ ਫ਼ੈਸਲੇ ਜਾਂ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਫਰਵਰੀ ਦੇ ਆਦੇਸ਼ ਖ਼ਿਲਾਫ਼ ਅਪੀਲ ਦਾ ਕੋਈ ਆਧਾਰ ਹੈ | ਹਾਈਕੋਰਟ ਦੇ ਇਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਅਪੀਲ ਦੀ ਇਜਾਜ਼ਤ ਮੰਗਲਵਾਰ ਨੂੰ ਦਸਤਾਵੇਜ਼ ‘ਚ ਖ਼ਾਰਜ ਕਰ ਦਿੱਤੀ ਗਈ ਹੈ ਅਤੇ ਹੁਣ ਨੀਰਵ ਕੋਲ ਹਾਈਕੋਰਟ ਸਾਹਮਣੇ ਮੌਖਿਕ ਸੁਣਵਾਈ ਦੇ ਵਾਸਤੇ ਨਵੇਂ ਸਿਰੇ ਤੋਂ ਅਰਜ਼ੀ ਦਾਇਰ ਕਰਨ ਦਾ ਮੌਕਾ ਬਚਿਆ ਹੈ, ਜਿਸ ‘ਤੇ ਜੱਜ ਇਹ ਫ਼ੈਸਲਾ ਕਰ ਸਕਦੇ ਹਨ ਕੀ ਮਾਮਲੇ ‘ਚ ਪੂਰਨ ਅਪੀਲ ਸੁਣਵਾਈ ਕੀਤੀ ਜਾ ਸਕਦੀ ਹੈ | ਜੇਕਰ ਨਵੇਂ ਸਿਰੇ ਤੋਂ ਅਰਜ਼ੀ ਦਾਇਰ ਕੀਤੀ ਜਾਂਦੀ ਹੈ ਤਾਂ ਇਸ ਨੂੰ ਹਾਈਕੋਰਟ ਦੇ ਜੱਜ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇਗਾ | ਅਜਿਹਾ ਮੰਨਿਆ ਜਾ ਰਿਹਾ ਹੈ ਕਿ ਨੀਰਵ ਮੋਦੀ ਇਸ ਤਰ੍ਹਾਂ ਦੀ ਅਰਜ਼ੀ ਦਾਇਰ ਕਰਨ ਦੀ ਯੋਜਨਾ ਬਣਾ ਰਿਹਾ ਹੈ | ਕਾਬਲੇਗੌਰ ਹੈ ਕਿ ਨੀਰਵ ਮੋਦੀ 19 ਮਾਰਚ, 2019 ਨੂੰ ਗਿ੍ਫ਼ਤਾਰ ਕੀਤੇ ਜਾਣ ਦੇ ਬਾਅਦ ਤੋਂ ਹੀ ਲੰਡਨ ਸਥਿਤ ਵੈਂਡਸਵਰਥ ਜੇਲ੍ਹ ‘ਚ ਬੰਦ ਹੈ |


Share