-ਇਕੱਠੇ ਹੋਏ 23 ਪ੍ਰਦਰਸ਼ਨਕਾਰੀ ਪੁਲਿਸ ਹਿਰਾਸਤ ‘ਚ
ਲੰਡਨ, 3 ਜੂਨ (ਪੰਜਾਬ ਮੇਲ)- ਲੰਡਨ ਦੀ ਪੁਲਿਸ ਨੇ ਸੋਮਵਾਰ ਨੂੰ ਅਮਰੀਕੀ ਦੂਤਘਰ ਦੇ ਸਾਹਮਣੇ ਇਕੱਠੇ ਹੋਏ 23 ਲੋਕਾਂ ਨੂੰ ਹਿਰਾਸਤ ਵਿਚ ਲਿਆ, ਜੋ ਜਾਰਜ ਫਲਾਇਡ ਲਈ ਨਿਆਂ ਮੰਗਣ ਲਈ ਪ੍ਰਦਰਸ਼ਨ ਕਰ ਰਹੇ ਸਨ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਸਰਵਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਟਵੀਟ ਕੀਤਾ, ”ਕੇਂਦਰੀ ਲੰਡਨ ਵਿਚ ਵੱਖ-ਵੱਖ ਇਕੱਠਾਂ ਤੋਂ ਕੁੱਲ 23 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ। ਇਸ ਵਿਚ ਸ਼ਾਮਲ ਬਹੁਤੇ ਲੋਕ ਇਸ ਖੇਤਰ ਤੋਂ ਚਲੇ ਗਏ।
ਇਸ ਤੋਂ ਪਹਿਲੇ ਦਿਨ ਪੁਲਿਸ ਨੇ ਕਿਹਾ ਸੀ ਕਿ ਲੋਕਾਂ ਨੂੰ ਵੱਖ-ਵੱਖ ਜੁਰਮਾਂ ਲਈ ਨਜ਼ਰਬੰਦ ਕੀਤਾ ਗਿਆ ਹੈ। ਇਸ ਵਿਚ ਪੁਲਿਸ ‘ਤੇ ਹਮਲਾ ਕਰਨ ਲਈ ਹਥਿਆਰ ਕੋਲ ਰੱਖਣਾ ਅਤੇ ਕੋਰੋਨਾਵਾਇਰਸ ਕਾਰਨ ਲਾਈਆਂ ਪਾਬੰਦੀਆਂ ਦੀ ਉਲੰਘਣਾ ਕਰਨਾ ਸ਼ਾਮਲ ਸੀ। ਜ਼ਿਕਰਯੋਗ ਹੈ ਕਿ 25 ਮਈ ਨੂੰ ਅਮਰੀਕਾ ਦੇ ਮਿਨੀਪੋਲਿਸ ਵਿਚ ਇਕ ਨਿਹੱਥੇ ਗੈਰ-ਗੋਰੇ ਅਮਰੀਕੀ ਜਾਰਜ ਫਲਾਇਡ ਦੀ ਇਕ ਗੋਰੇ ਪੁਲਸ ਅਧਿਕਾਰੀ ਦੇ ਹੱਥੋਂ ਮੌਤ ਹੋ ਗਈ। ਜਾਰਜ ਦੀ ਮੌਤ ਤੋਂ ਬਾਅਦ, ਜਰਮਨੀ, ਕੈਨੇਡਾ, ਆਇਰਲੈਂਡ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।