ਲੌਕਡਾਊਨ ਦੌਰਾਨ ਗਰੀਬਾ ਦੀ ਮਦਦ ਕਰ ਰਹੀ ਦਿੱਲੀ ਦੀ ‘ਆਪ’ ਸਰਕਾਰ

801

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਕੋਰੋਨਾ ਦੇ ਕਹਿਰ ਤੇ ਲੌਕਡਾਊਨ ਦੇ ਝੰਬੇ ਲੋਕਾਂ ਨੂੰ ਰਾਹਤ ਦੇਣ ਵਿੱਚ ਕੇਜਰੀਵਾਲ ਨੇ ਫਿਰ ਬਾਜੀ ਮਾਰੀ ਹੈ। ਦਿੱਲੀ ਸਰਕਾਰ ਨੇ ਬਿਨਾਂ ਪੀਐਸਵੀ ਬੈਜ ਵਾਲੇ ਈ-ਰਿਕਸ਼ਾ (E-rickshaw) ਮਾਲਕਾਂ ਨੂੰ 5000 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇੱਕ ਪਾਸੇ ਪੰਜਾਬ ਸਣੇ ਕਈ ਸੂਬਿਆਂ ਦੇ ਪੀੜਤ ਮੁਆਵਜ਼ੇ ਦੀ ਮੰਗ ਕਰ ਰਹੇ ਹਨ ਪਰ ਸਰਕਾਰਾਂ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਕੇਜਰੀਵਾਲ ਨੇ ਇਸ ਬਿਪਤਾ ਘੜੀ ਵਿੱਚ ਪੀੜਤਾਂ ਦੀ ਬਾਂਹ ਫੜੀ ਹੈ।
ਸਰਕਾਰ ਨੂੰ ਜਾਣਕਾਰੀ ਮਿਲੀ ਕਿ ਹਜ਼ਾਰਾਂ ਈ-ਰਿਕਸ਼ਾ ਵਿੱਚ ਪੀਐਸਵੀ ਬੈਜ ਨਹੀਂ। ਇਸ ਲਈ ਸੋਮਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸੀਐਮ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਲੌਕਡਾਊਨ ਦੌਰਾਨ ਦਿੱਲੀ ਦੇ ਆਟੋ, ਟੈਕਸੀ ਤੇ ਈ-ਰਿਕਸ਼ਾ ਚਾਲਕਾਂ ਦੀ ਮਦਦ ਲਈ ਪੀਐਸਵੀ ਬੈਜ ਧਾਰਕਾਂ ਨੂੰ ਪੰਜ ਹਜ਼ਾਰ ਰੁਪਏ ਦੇ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਸਕੱਤਰੇਤ ਵਿਖੇ ਮੰਤਰੀਆਂ ਨਾਲ ਕੈਬਨਿਟ ਦੀ ਬੈਠਕ ਕੀਤੀ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰ ਸਾਰੇ ਮੰਤਰੀ ਇਸ ਮੀਟਿੰਗ ਵਿੱਚ ਮੌਜੂਦ ਸੀ।
ਦੱਸ ਦੇਈਏ ਕਿ ਦਿੱਲੀ ਸਰਕਾਰ ਰਾਜਧਾਨੀ ‘ਚ ਕੋਰੋਨਾਵਾਇਰਸ ਅਤੇ ਲੌਕਡਾਊਨ ਕਾਰਨ ਬੇਰੁਜ਼ਗਾਰ ਹੋਏ ਆਟੋ, ਟੈਕਸੀ ਤੇ ਈ-ਰਿਕਸ਼ਾ ਚਾਲਕਾਂ ਨੂੰ 5,000 ਰੁਪਏ ਦੀ ਵਿੱਤੀ ਮਦਦ ਦੇ ਰਹੀ ਹੈ। ਇਸ ਲਈ ਇੱਕ ਅਰਜ਼ੀ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੀ ਵੈਬਸਾਈਟ ‘ਤੇ ਦਿੱਤੀ ਗਈ। ਹਾਲਾਂਕਿ ਹੁਣ ਇਹ ਡਰਾਈਵਰ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਇਸ ਦੀ ਆਖਰੀ ਤਰੀਕ 30 ਅਪਰੈਲ ਸੀ। ਹੁਣ ਸਿਰਫ ਉਹ ਲੋਕ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਕੋਲ ਪੀਐਸਵੀ ਬੈਜ ਨਹੀਂ।
ਦਿੱਲੀ ‘ਚ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਜਾਰੀ ਕੀਤੇ ਗਏ ਈ-ਪਾਸ ਦੀ ਵੈਧਤਾ 17 ਮਈ ਤੱਕ ਵਧਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਸੀਐਮ ਕੇਜਰੀਵਾਲ ਨੇ ਕਿਹਾ ਕਿ ਲੌਕਡਾਊਨ ਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਸੀ। ਹੁਣ ਡੇਢ ਮਹੀਨੇ ਬਾਅਦ ਦਿੱਲੀ ਖੋਲ੍ਹਣ ਲਈ ਤਿਆਰ ਹੈ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਨੂੰ ਰੈੱਡ ਜ਼ੋਨ ‘ਚ ਰੱਖਣ ਕਰਕੇ ਦੋ ਦਿਕਤਾਂ ਹੋ ਰਹੀਆਂ ਹਨ। ਜਨਤਕ ਰੁਜ਼ਗਾਰ ਖ਼ਤਮ ਹੋ ਗਿਆ ਹੈ, ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸਾਰੀ ਆਰਥਿਕਤਾ ਬੰਦ ਹੈ। ਸਰਕਾਰ ਨੇ ਮਾਲੀਆ ਮਿਲਨਾ ਬੰਦ ਹੋ ਗਿਆ, ਤਾਂ ਸਰਕਾਰ ਕਿਵੇਂ ਚੱਲੇਗੀ। ਪਿਛਲੇ ਸਾਲ ਅਪਰੈਲ ‘ਚ ਮਾਲੀਆ 3,500 ਕਰੋੜ ਰੁਪਏ ਸੀ।