ਲੌਕਡਾਊਨ ਕਾਰਨ ਵਿਦੇਸ਼ੋਂ ਆਉਣ ਵਾਲੇ ਪੰਜਾਬੀਆਂ ਨੂੰ ਹੋਟਲਾਂ ‘ਚ ਕੁਆਰੰਟੀਨ ਕਰਨ ਦੀ ਯੋਜਨਾ

854

ਅੰਮ੍ਰਿਤਸਰ, 10 ਮਈ (ਪੰਜਾਬ ਮੇਲ)- ਲੌਕਡਾਊਨ ਦੌਰਾਨ ਵੱਖ-ਵੱਖ ਮੁਲਕਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਵੱਖ-ਵੱਖ ਸ਼ਹਿਰਾਂ ਦੇ ਹੋਟਲਾਂ ‘ਚ ਕੁਆਰੰਟੀਨ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਹੋਟਲਾਂ ‘ਚ ਲਗਭਗ ਤਿੰਨ ਹਜ਼ਾਰ ਕਮਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਹੋਟਲ ਮਾਲਕਾਂ ਵੱਲੋਂ ਇਹ ਮੁਸ਼ਕਲ ਦੱਸੀ ਜਾ ਰਹੀ ਹੈ ਕਿ ਤਾਲਾਬੰਦੀ ਕਾਰਨ ਵਧੇਰੇ ਹੋਟਲਾਂ ਦਾ ਪ੍ਰਵਾਸੀ ਅਮਲਾ ਆਪਣੇ ਘਰਾਂ ਨੂੰ ਪਰਤ ਗਿਆ ਹੈ, ਜਿਸ ਕਾਰਨ ਪ੍ਰਬੰਧ ਕਰਨ ‘ਚ ਉਨ੍ਹਾਂ ਨੂੰ ਕੁਝ ਮੁਸ਼ਕਲਾਂ ਆ ਸਕਦੀਆਂ ਹਨ।
ਵੱਖ-ਵੱਖ ਮੁਲਕਾਂ ‘ਚ ਗਏ ਪੰਜਾਬੀ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ। ਇਨ੍ਹਾਂ ਦੀ ਆਮਦ ਅਗਲੇ ਕੁਝ ਦਿਨਾਂ ਤੋਂ ਸ਼ੁਰੂ ਹੋ ਜਾਵੇਗੀ। ਸੂਬੇ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਸਤੀਸ਼ ਚੰਦਰਾ ਨੇ ਦੱਸਿਆ ਕਿ ਇਸ ਸਬੰਧੀ 20 ਹਜ਼ਾਰ ਪੰਜਾਬੀਆਂ ਨੇ ਕੇਂਦਰ ਸਰਕਾਰ ਕੋਲ ਆਪਣੇ ਨਾਂ ਦਰਜ ਕਰਵਾਏ ਹਨ। ਇਨ੍ਹਾਂ ਨੂੰ ਇਕਾਂਤਵਾਸ ਵਿਚ ਭੇਜਣ ਲਈ ਸਰਕਾਰ ਹੋਟਲਾਂ ਦਾ ਪ੍ਰਬੰਧ ਕਰ ਰਹੀ ਹੈ। ਹੁਣ ਤੱਕ ਲਗਪਗ 1300 ਕਮਰਿਆਂ ਦਾ ਪ੍ਰਬੰਧ ਕੀਤਾ ਹੈ। ਹੋਟਲ ਮਾਲਕਾਂ ਵੱਲੋਂ ਵੀ ਆਪਣੇ ਅਮਲੇ ਨੂੰ ਵਾਪਸ ਬੁਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਾਣਕਾਰੀ ਅਨੁਸਾਰ ਇਸ ਸਬੰਧੀ ਪਹਿਲੀ ਉਡਾਣ 14 ਮਈ ਤੋਂ ਦੁਬਈ ਤੋਂ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪੁੱਜੇਗੀ। ਦੁਬਈ ਤੋਂ ਇਲਾਵਾ ਯੂ.ਕੇ., ਕੈਨੇਡਾ, ਆਸਟਰੇਲੀਆ ਅਤੇ ਹੋਰ ਮੁਲਕਾਂ ਤੋਂ ਵੀ ਪੰਜਾਬੀ ਵਾਪਸ ਆ ਰਹੇ ਹਨ। ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਕਰੋਨਾ ਦੌਰਾਨ ਇਨ੍ਹਾਂ ਸਾਰਿਆਂ ਨੂੰ ਇਥੇ ਆਉਂਦਿਆਂ ਹੀ 14 ਦਿਨਾਂ ਲਈ ਇਕਾਂਤਵਾਸ ‘ਚ ਰੱਖਿਆ ਜਾਵੇਗਾ।