ਲੋਕਾਂ ਨੇ ਕਮਰਾ ਵੰਡ (M9Q ) ਦਾ ਕੱਢਿਆ ਧੂੰਆ

4635
Share

3000 ਕਮਰਿਆਂ ਦੀ ਚਾਬੀ, 1 ਘੰਟੇ ਲਈ ਲਾਬੀ ਅਤੇ 30,000 ਤੋਂ ਉਪਰ ਲੱਗੇ ਲਾਈਨ ’ਚ
ਕਈਆਂ ਨੇ ਇਥੋਂ ਜਾ ਕੇ ਅਗਲੇ ਮਹੀਨਿਆਂ ਵਿਚ ਵਾਪਿਸ ਆਉਣ ਲਈ ਵੀ ਐਮ. ਆਈ. ਕਿਊ. ਲਈ ਮਾਰੀ ਟ੍ਰਾਈ
ਔਕਲੈਂਡ, 20 ਸਤੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਸਰਕਾਰ ਨੇ ਅੱਜ ਨਿਊਜ਼ੀਲੈਂਡ ਵਾਪਿਸ ਪਰਤਣਯੋਗ ਵਿਅਕਤੀਆਂ ਜਿਨ੍ਹਾਂ ਵਿਚ ਦੇਸ਼ ਦੇ ਨਾਗਰਿਕ, ਪੱਕੇ ਵਸਨੀਕ ਜਾਂ ਹੋਰ ਜਿਨ੍ਹਾਂ ਕੋਲ ਵਾਪਿਸੀ ਦੀ ਆਗਿਆ ਹੈ ਸ਼ਾਮਿਲ ਹਨ, ਦੇ ਲਈ ਐਮ. ਆਈ. ਕਿਊ. ਵਾਊਚਰ (ਇਕਾਂਤਵਾਸ ਲਈ ਹੋਟਲ ਦੇ ਕਮਰੇ) ਬੁੱਕ ਕਰਨ ਲਈ ਨਵਾਂ ਵਰਚੂਅਲ ਲਾਬੀ ਸਿਸਟਮ ਸ਼ੁਰੂ ਕੀਤਾ ਸੀ। ਇਹ ਅੱਜ ਸਵੇਰੇ 8 ਤੋਂ 9 ਵਜੇ ਤੱਕ ਆਨਲਾਈਨ ਪਹੁੰਚਣ ਵਾਲਿਆਂ ਲਈ ਹੀ ਸੀ। ਸੌਖੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ 3000 ਕਮਰਿਆਂ ਦੀ ਚਾਬੀ ਸਰਕਾਰ ਨੇ ਵੰਡਣ ਦਾ ਐਲਾਨ ਕੀਤਾ ਸੀ, ਪਰ ਇਕ ਘੰਟੇ ਦੀ ਲਾਬੀ ਦੇ ਵਿਚ 29 ਤੋਂ 30,000 ਲੋਕ ਆਨ ਲਾਈਨ ਹੋ ਕੇ ਪਹੁੰਚ ਗਏ। 8-9 ਵਿਅਕਤੀਆਂ ਦੇ ਪਿੱਛੇ ਔਸਤਨ ਇਕ ਵਿਅਕਤੀ ਨੂੰ ਹੀ ਕਮਰਾ ਮਿਲ ਪਾਇਆ, ਸਰਕਾਰ ਨੇ ਸਮਾਂ ਪੂਰਾ ਹੁੰਦਿਆਂ ਹੀ ਝੱਟ ਕੁੰਡੀ ਮਾਰ ਕੇ ਲਾਬੀ ਵਾਲਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਵੇਟਿੰਗ ਵਾਲੇ ਬਰਾਂਡੇ ਵਿਚ ਅਗਲੇ ਗੇੜ ਲਈ ਉਡੀਕ ਕਰਨ ਵਾਸਤੇ ਕਿਹਾ।
ਦਿਲਚਸਪ: ਇਹ ਗੱਲ ਵੀ ਪਤਾ ਲੱਗੀ ਹੈ ਕਿ ਇਹ ਸਿਰਫ ਵਾਪਿਸ ਨਿਊਜ਼ੀਲੈਂਡ ਮੁੜਨ ਵਾਲਿਆਂ ਲਈ ਹੀ ਖੋਲ੍ਹਿਆ ਗਿਆ ਸੀ, ਪਰ ਕਈ ਲੋਕ ਅਜਿਹੇ ਵੀ ਸਨ ਜਿਹੜੇ ਕਿ ਪਹਿਲਾਂ ਹੀ ਨਿਊਜ਼ੀਲੈਂਡ ਵਿਚ ਹਨ ਪਰ ਇਥੋਂ  ਕਿਸੇ ਹੋਰ ਮੁਲਕ ਜਾਂ ਆਪਣੇ ਵਤਨ ਵਾਪਿਸ ਪਰਤ ਕੇ ਅਗਲੇ ਮਹੀਨਿਆਂ ਦੇ ਵਿਚ ਵਾਪਿਸ ਮੁੜਨਾ ਚਾਹੁੰਦੇ ਹਨ। ਇਹ ਲੋਕ ਵੀ ਲੌਗਿਨ ਆਈ.ਡੀਆਂ ਬਣਾ ਕੇ ਇਕ ਘੰਟੇ ਵਾਲੀ ਲਾਬੀ ਦੇ ਵਿਚ ਲਾਈਨ ਲਗਾ ਕੇ ਖੜ੍ਹ ਗਏ। ਹੋ ਸਕਦਾ ਹੈ ਕਿ ਇਸ ਕਰਕੇ ਵੀ ਗਿਣਤੀ ਵਧ ਗਈ। ਸੰਭਵ ਹੈ ਕਿ ਸਰਕਾਰ ਨੇ ਅਜਿਹਾ ਪ੍ਰਬੰਧ ਕਰ ਲਿਆ ਹੋਵੇ ਕਿ ਜਿਹੜੇ ਬਾਹਰ ਫਸੇ ਹੋਏ ਹਨ, ਉਹ ਹੀ ਆਨ ਲਾਈਨ ਲਾਬੀ ਦੇ ਵਿਚ ਆ ਸਕਣ, ਜਾਂ ਕੋਈ ਪਾਸਪੋਰਟ ਨੰਬਰ ਤੋਂ ਚੈਕ ਸਿਸਟਮ ਹੋਵੇ, ਪਰ ਇਕ ਵਾਰ ਤਾਂ ਕਮਰਿਆਂ ਦੀ ਵੰਡ ਵਾਲੀ ਬਣਾਈ ਗਈ ਵਰਚੂਅਲ ਲਾਬੀ ਦਾ ਲੋਕਾਂ ਨੇ ਧੂੰਆਂ ਕੱਢ ਦਿੱਤਾ। ਹੁਣ ਐਮ. ਆਈ. ਕਿਊ। ਵੈਬਸਾਈਟ ਉਤੇ ਪਾ ਦਿੱਤਾ ਗਿਆ ਹੈ ਕਿ ਅੱਜ ਕਮਰੇ ਵੰਡਣ ਵਾਲਾ ਕੰਮ ਸਮਾਪਤ ਹੋ ਗਿਆ ਹੈ ਅਤੇ ਅਗਲਾ ਜਦੋਂ ਖੋਲ੍ਹਿਆ ਜਾਵੇਗਾ ਦੱਸਿਆ ਜਾਵੇਗਾ।


Share