ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਪ੍ਰਸਿੱਧ ਅਦਾਕਾਰਾ ਬੈਟੀ ਵਾਈਟ 99 ਸਾਲ ਦੀ ਉਮਰ ’ਚ ਕਹਿ ਗਈ ਅਲਵਿਦਾ

209
ਬੈਟੀ ਵਾਈਟ ਦੀ ਤਸਵੀਰ।
Share

ਸੈਕਰਾਮੈਂਟੋ, 1 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਫਿਲਮੀ ਪਰਦੇ ਤੋਂ ਇਲਾਵਾ ਟੈਲੀਵੀਜ਼ਨ ਉਪਰ ਲੜੀਵਾਰ ਨਾਟਕਾਂ ਵਿਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਵਾਲੀ ਤੇ ਲੋਕਾਂ ਦੇ ਦਿਲਾਂ ਉਪਰ ਰਾਜ ਕਰਨ ਵਾਲੀ ਜਾਣੀ ਪਛਾਣੀ ਪ੍ਰਸਿੱਧ ਅਦਾਕਾਰ ਬੈਟੀ ਵਾਈਟ 99 ਸਾਲ ਤੋਂ ਵਧ ਉਮਰ ’ਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। ਇਸ ਉਮਰ ਵਿਚ ਵੀ ਉਹ ਪੂਰੀ ਤਰ੍ਹਾਂ ਸਰਗਰਮ ਸੀ ਤੇ ਉਸ ਨੇ 17 ਜਨਵਰੀ ਨੂੰ ਆਪਣਾ 100ਵਾਂ ਜਨਮ ਦਿਨ ਮਨਾਉਣਾ ਸੀ।
‘ਗੋਲਡਨ ਗਰਲ’ ਲੜੀਵਾਰ ’ਚ ਹੋਰ ਅਦਾਕਾਰਾਂ ਨਾਲ ਬੈਟੀ ਵਾਈਟ (ਫਾਈਲ ਤਸਵੀਰ)

ਬੈਟੀ ਵਾਈਟ ਨੇ ਆਪਣੇ 100ਵੇਂ ਜਨਮ ਦਿਨ ਨੂੰ ਖਾਸ ਬਣਾਉਣ ਲਈ ਆਪਣੇ ਦੋਸਤਾਂ-ਮਿਤਰਾਂ ਨੂੰ ਟਵੀਟ ਰਾਹੀਂ ਸੱਦਾ ਦਿੱਤਾ ਸੀ। ਉਸ ਨੇ 28 ਦਸੰਬਰ ਨੂੰ ਟਵੀਟ ਕੀਤਾ ਸੀ। ‘‘ਮੇਰਾ 100 ਵਾਂ ਜਨਮ ਦਿਨ.. ਮੈ ਵਿਸ਼ਵਾਸ਼ ਨਹੀਂ ਕਰਦੀ ਆਵੇਗਾ।’’ ਬੈਟੀ ਵਾਈਟ ਦਾ ਸਫਲ ਫਿਲਮੀ ਜੀਵਨ ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਦੀਆਂ ਫਿਲਮਾਂ 21 ਵਾਰ ਐਮੀ ਪੁਰਸਕਾਰ ਲਈ ਨਾਮਜ਼ਦ ਹੋਈਆਂ ਤੇ 5 ਵਾਰ ਉਸ ਨੇ ਇਹ ਪੁਰਸਕਾਰ ਜਿੱਤਿਆ। ਉਸ ਦੇ ਪਹਿਲੇ ਟੈਲੀਵੀਜ਼ਨ ਲੜੀਵਾਰ ‘ਲਾਈਫ ਵਿਦ ਅਲਿਜ਼ਾਬਥ’ ਤੋਂ ਬਾਅਦ ਸ਼ਾਇਦ ਹੀ ਕੋਈ ਦਿਨ ਹੋਵੇਗਾ, ਜਦੋਂ ਬੈਟੀ ਵਾਈਟ ਟੈਲੀਵੀਜ਼ਨ ਉਪਰ ਨਜ਼ਰ ਨਾ ਆਈ ਹੋਵੇ। ਉਸ ਨੇ ‘ਡੇਟ ਵਿਦ ਦ ਐਂਜਲਜ’, ‘ਦ ਮੈਰੀ ਟਾਇਲਰ ਮੂਰ ਸ਼ੋਅ’, ‘ਦ ਬੈਟੀ ਵਾਈਟ ਸ਼ੋਅ’, ‘ਮੱਮਾ’ਜ ਫੈਮਿਲੀ’, ‘ਦ ਗੋਲਡਨ ਗਰਲ’, ‘ਬੋਸਟਨ ਲੀਗਲ’, ‘ਹੌਟ ਇਨ ਕਲੀਵਲੈਂਡ’, ਤੇ ‘ਬੈਟੀ ਵਾਈਟ’ਜ ਆਫ ਦਿਅਰ ਰੌਕਰਜ’ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ।


Share