ਲੇਬਨਾਨ ਧਮਾਕੇ ਨੂੰ ਲੈ ਕੇ ਇਕ ਹੋਰ ਕੈਬਨਿਟ ਮੰਤਰੀ ਵੱਲੋਂ ਅਸਤੀਫਾ

657

ਬੇਰੂਤ, 10 ਅਗਸਤ (ਪੰਜਾਬ ਮੇਲ)- ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਪਿਛਲੇ ਹਫਤੇ ਹੋਏ ਧਮਾਕੇ ਨੂੰ ਲੈ ਕੇ ਇਕ ਹੋਰ ਕੈਬਨਿਟ ਮੰਤਰੀ ਨੇ ਅਸਤੀਫਾ ਦੇਣ ਵਿਚਾਲੇ ਦੇਸ਼ ਦੇ ਇਕ ਜੱਜ ਨੇ ਸੋਮਵਾਰ ਨੂੰ ਸੁਰੱਖਿਆ ਏਜੰਸੀਆਂ ਦੇ ਮੁੱਖੀਆਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਸਰਕਾਰੀ ‘ਨੈਸ਼ਨਲ ਨਿਊਜ਼ ਏਜੰਸੀ’ ਦੇ ਮੁਤਾਬਕ ਜੱਜ ਗਸਾਨ ਐੱਲ ਖੋਰੀ ਨੇ ਸੁਰੱਖਿਆ ਮੁਖੀ ਮੇਜਰ ਜਨਰਲ ਟੋਨੀ ਸਲੀਬਾ ਤੋਂ ਪੁੱਛਗਿੱਛ ਸ਼ੁਰੂ ਕੀਤੀ। ਇਸ ਸਬੰਧ ਵਿਚ ਅਜੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਤੇ ਹੋਰ ਜਨਰਲਾਂ ਤੋਂ ਵੀ ਪੁੱਛਗਿੱਛ ਹੋਣੀ ਹੈ।
ਸਮਾਚਾਰ ਏਜੰਸੀ ਨੇ ਇਕ ਖਬਰ ਵਿਚ ਦੱਸਿਆ ਕਿ ਨਿਆ ਮੰਤਰੀ ਮਾਰੀ-ਕਲਾਓਦ ਨਜ਼ਮ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਨਜ਼ਮ ਧਮਾਕੇ ਨੂੰ ਲੈ ਕੇ ਅਸਤੀਫਾ ਦੇਣ ਵਾਲੀ ਤੀਜੀ ਕੈਬਨਿਟ ਮੰਤਰੀ ਹਨ। ਕੈਬਨਿਟ ਦੀ ਬੈਠਕ ਵੀ ਸੋਮਵਾਰ ਨੂੰ ਪ੍ਰਸਤਾਵਿਤ ਹੈ। ਨਿਯਮਾਂ ਤਹਿਤ ਜੇਕਰ 20 ਮੰਤਰੀਆਂ ਵਿਚੋਂ ਸੱਤ ਮੰਤਰੀ ਅਸਤੀਫਾ ਦੇ ਦਿੰਦੇ ਹਨ, ਤਾਂ ਕੈਬਨਿਟ ਨੂੰ ਭੰਗ ਕਰਨੀ ਹੋਵੇਗੀ। ਜ਼ਿਕਰਯੋਗ ਹੈ ਕਿ ਬੀਤੇ ਚਾਰ ਅਗਸਤ ਨੂੰ ਹੋਏ ਧਮਾਕੇ ‘ਚ 160 ਲੋਕਾਂ ਦੀ ਮੌਤ ਹੋਈ ਸੀ ਤੇ ਤਕਰੀਬਨ 6 ਹਜ਼ਾਰ ਲੋਕ ਜ਼ਖਮੀ ਹੋਏ ਸਨ। ਇਸ ਤੋਂ ਇਲਾਵਾ ਦੇਸ਼ ਦੀ ਪ੍ਰਮੁੱਖ ਬੰਦਰਗਾਹ ਨਸ਼ਟ ਹੋ ਗਈ ਤੇ ਰਾਜਧਾਨੀ ਦੇ ਵੱਡੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ। ਸਰਕਾਰੀ ਅਧਿਕਾਰੀਆਂ ਮੁਤਾਬਕ ਧਮਾਕੇ ਦੇ ਸਿਲਸਿਲੇ ਵਿਚ ਤਕਰੀਬਨ 20 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਸ ਵਿਚ ਲੇਬਨਾਨ ਦੇ ਕਸਟਮ ਵਿਭਾਗ ਦੇ ਮੁਖੀ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦੋ ਸਾਬਕਾ ਕੈਬਨਿਟ ਮੰਤਰੀਆਂ ਸਣੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਧਮਾਕੇ ਦੇ ਵਿਰੋਧ ਵਿਚ ਬੇਰੂਤ ਵਿਚ ਪਿਛਲੇ ਦੋ ਦਿਨ ‘ਚ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦੇ ਵਿਚਾਲੇ ਝੜਪ ਹੋਈ ਹੈ।