ਲੁਧਿਆਣਾ ਵਿਖੇ 2017 ’ਚ ਹੋਈ ਹਿੰਦੂ ਆਗੂ ਦੀ ਹੱਤਿਆ ਮਾਮਲੇ ’ਚ ਚਾਰਜਸ਼ੀਟ ਦਾਇਰ

367
Share

ਨਵੀਂ ਦਿੱਲੀ, 14 ਜਨਵਰੀ (ਪੰਜਾਬ ਮੇਲ)-ਲੁਧਿਆਣਾ ’ਚ 2017 ’ਚ ਹਿੰਦੂ ਆਗੂ ਦੀ ਹੱਤਿਆ ਦੇ ਮਾਮਲੇ ’ਚ ਐੱਨ.ਆਈ. ਏ. ਨੇ ਤਿੰਨ ਜਣਿਆਂ ਖ਼ਿਲਾਫ਼ ਅਦਾਲਤ ’ਚ ਦੋਸ਼ ਪੱਤਰ ਦਾਇਰ ਕਰ ਦਿੱਤਾ ਹੈ। ਹਿੰਦੂ ਆਗੂ ਅਮਿਤ ਸ਼ਰਮਾ ਦੇ ਕਤਲ ਨੂੰ ਚਾਰਜਸ਼ੀਟ ਵਿਚ ‘ਦਹਿਸ਼ਤਗਰਦੀ’ ਕਰਾਰ ਦਿੱਤਾ ਗਿਆ ਹੈ। ਕੌਮੀ ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਹੱਤਿਆ ਖਾਲਿਸਤਾਨ ਲਿਬਰੇਸ਼ਨ ਫਰੰਟ ਦੀ ਸਾਜ਼ਿਸ਼ ਸੀ। ਏਜੰਸੀ ਨੇ ਯੂ.ਪੀ. ਦੇ ਮੇਰਠ ਵਾਸੀ ਆਸ਼ੀਸ਼ ਕੁਮਾਰ, ਜਾਵੇਦ ਤੇ ਅਰਸ਼ਦ ਅਲੀ ਖ਼ਿਲਾਫ਼ ਦੋਸ਼ ਪੱਤਰ ਦਾਖਲ ਕੀਤਾ ਹੈ। ਐੱਨ.ਆਈ. ਏ. ਮੁਤਾਬਕ ਇਨ੍ਹਾਂ ਨੇ ਵਾਰਦਾਤ ਲਈ ਹਥਿਆਰ ਸਪਲਾਈ ਕੀਤੇ ਸਨ। ਚਾਰਜਸ਼ੀਟ ਵਿਚ ਆਈ.ਪੀ. ਸੀ. ਅਤੇ ਯੂ.ਏ.ਪੀ.ਏ. ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਅਸਲਾ ਐਕਟ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ। ਦੱਸਣਯੋਗ ਹੈ ਕਿ ਜਨਵਰੀ 2017 ਵਿਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼੍ਰੀ ਹਿੰਦੂ ਤਖ਼ਤ ਦੇ ਪ੍ਰਧਾਨ ਸ਼ਰਮਾ ਦਾ ਕਤਲ ਕਰ ਦਿੱਤਾ ਸੀ। ਸੰਨ 2016-17 ਦੌਰਾਨ ਪੰਜਾਬ ’ਚ ਅੱਠ ਲੜੀਵਾਰ ਅਜਿਹੀਆਂ ਹੱਤਿਆਵਾਂ ਹੋਈਆਂ ਸਨ ਤੇ ਇਹ ਕਤਲ ਵੀ ਉਨ੍ਹਾਂ ਵਿਚੋਂ ਇਕ ਸੀ। ਇਸ ਤੋਂ ਪਹਿਲਾਂ ਐੱਨ.ਆਈ.ਏ. ਨੇ 2018 ਵਿਚ 15 ਜਣਿਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਆਸ਼ੀਸ਼, ਜਾਵੇਦ ਤੇ ਅਰਸ਼ਦ ਨੇ ਹੋਰਾਂ ਮੁਲਜ਼ਮਾਂ ਨੂੰ ਵਾਰਦਾਤ ਲਈ ਹਥਿਆਰ ਮੁਹੱਈਆ ਕਰਵਾਏ ਸਨ। ਉਨ੍ਹਾਂ ’ਤੇ ਹੋਰਨਾਂ ਵਾਰਦਾਤਾਂ ਲਈ ਹਥਿਆਰ ਸਪਲਾਈ ਕਰਨ ਦਾ ਦੋਸ਼ ਵੀ ਹੈ।

Share