ਲੁਟੇਰਿਆਂ ਵਿਰੁੱਧ ਬਹਾਦਰੀ ਦਿਖਾਉਣ ਵਾਲੀ ਕੁੜੀ ਨੂੰ 51 ਹਜ਼ਾਰ ਰੁਪਏ ਦੇ ਇਨਾਮ ਦਾ ਐਲਾਨ

416
Share

ਜਲੰਧਰ, 2 ਸਤੰਬਰ (ਪੰਜਾਬ ਮੇਲ)- ਜ਼ਿਲ੍ਹੇ ਦੇ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ 15 ਸਾਲਾ ਕੁਸੁਮ, ਜਿਸ ਨੇ ਇਕ ਦੋਸ਼ੀ ਵਲੋਂ ਉਸ ‘ਤੇ ਹਮਲਾ ਕਰਕੇ ਉਸ ਦੇ ਗੁੱਟ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਸੀ ਉਸਦੇ ਬਾਵਜੂਦ ਉਸਨੇ ਲਾਮਿਸਾਲ ਹੌਂਸਲੇ ਅਤੇ ਬਹਾਦਰੀ ਨਾਲ ਮੋਬਾਇਲ ਖੋਹਣ ਵਾਲਿਆਂ ਦੀ ਕੋਸ਼ਿਸ਼ ਨੂੰ ਅਸਫ਼ਲ ਕਰ ਦਿੱਤਾ ਸੀ, ਉਸ ਦੀ ਇਸ ਬਹਾਦਰੀ ਨੂੰ ਦੇਖਦੇ ਹੋਏ 51 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਪ੍ਰਸ਼ਾਸਨ ਵਲੋਂ ਦੂਸਰੀਆਂ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕੁਸੁਮ ਦੇ ਨਾਮ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਪ੍ਰੋਗਰਾਮ ਤਹਿਤ ਵਰਤਿਆ ਜਾਵੇਗਾ ਅਤੇ ‘ਡੈਡੀ ਕੀ ਲਾਡਲੀ’ ਆਨਲਾਈਨ ਮੁਕਾਬਲਾ ਵੀ ਕਰਵਾਇਆ ਜਾਵੇਗਾ, ਤਾਂ ਜੋ ਨੌਜਵਾਨ ਲੜਕੀਆਂ ਇਸ ਵਿਚ ਸ਼ਮੂਲੀਅਤ ਕਰਕੇ ਇਹ ਦੱਸ ਸਕਣ ਕਿ ਕਿਵੇਂ ਉਨ੍ਹਾਂ ਦੀਆਂ ਦਾਦੀ ਮਾਵਾਂ ਉਨ੍ਹਾਂ ਨੂੰ ਅੱਗੇ ਵੱਧਣ ਲਈ ਹੌਂਸਲਾ ਅਫ਼ਜਾਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਸੁਮ ਨੇ ਜਲੰਧਰ ਦੇ ਮਾਣ ਨੂੰ ਵਧਾਇਆ ਹੈ ਅਤੇ ਉਹ ਸਮਾਜ ਲਈ ਇਕ ਮਾਰਗ ਦਰਸ਼ਕ ਬਣ ਗਈ ਹੈ। ‘ਕੁਸੁਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਨੂੰ ਅਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ, ਤਾਂ ਉਹ ਹਰ ਸਫ਼ਲਤਾ ਨੂੰ ਪ੍ਰਾਪਤ ਕਰ ਸਕਦੀਆਂ ਹਨ’। ਕੁਸੁਮ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਉਸ ਨੂੰ ਐੱਨ.ਸੀ.ਸੀ. ਅਤੇ ਤਾਇਕਵਾਂਡੋ ਲਈ ਪ੍ਰੇਰਿਤ ਕੀਤਾ, ਜਿਸ ਸਦਕਾ ਉਸ ਵਿਚ ਵਿਸ਼ਵਾਸ਼ ਪੈਦਾ ਹੋਇਆ ਅਤੇ ਉਹ ਗੁੱਟ ਤੋਂ ਗੰਭੀਰ ਜਖ਼ਮੀ ਹੋਣ ਦੇ ਬਾਵਜੂਦ ਮਜਬੂਤ ਹੌਂਸਲੇ ਦਾ ਪ੍ਰਦਰਸ਼ਨ ਕਰ ਸਕੀ।


Share