ਲਾਹੌਰ ਹਾਈਕੋਰਟ ਵੱਲੋਂ ਸਿੱਖ ਲੜਕੀ ਨੂੰ ਮੁਸਲਿਮ ਸ਼ੌਹਰ ਨਾਲ ਜਾਣ ਲਈ ਦਿੱਤੀ ਇਜਾਜ਼ਤ

620
Share

ਲਾਹੌਰ, 19 ਅਗਸਤ (ਪੰਜਾਬ ਮੇਲ)- ਪਾਕਿਸਤਾਨੀ ਅਦਾਲਤ ਨੇ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਧਰਮ ਤਬਦੀਲੀ ਕਰਕੇ ਮੁਸਲਿਮ ਨੌਜਵਾਨ ਨਾਲ ਵਿਆਹ ਕਰਵਾਉਣ ਵਾਲੀ ਸਿੱਖ ਕੁੜੀ ਨੂੰ ‘ਬਾਲਗ’ ਦੱਸਦਿਆਂ ਆਪਣੇ ਪਤੀ ਜਾਂ ਪਸੰਦ ਵਾਲੀ ਥਾਂ ਜਾਣ ਲਈ ਹਰੀ ਝੰਡੀ ਦੇ ਦਿੱਤੀ ਹੈ। ਕੋਰਟ ਨੇ ਸਿੱਖ ਕੁੜੀ ਨੂੰ ‘ਮੁਕੰਮਲ ਸੁਰੱਖਿਆ’ ਦੇਣ ਦੀ ਵੀ ਹਦਾਇਤ ਕੀਤੀ ਹੈ। ਲਾਹੌਰ ਹਾਈ ਕੋਰਟ ਦੇ ਇਸ ਫੈਸਲੇ ਨਾਲ ਦੋਵਾਂ ਭਾਈਚਾਰਿਆਂ ‘ਚ ਮੁੜ ਤਲਖੀ ਵਧਣ ਦੇ ਆਸਾਰ ਵਧ ਗਏ ਹਨ, ਲਿਹਾਜ਼ਾ ਨਨਕਾਣਾ ਸਾਹਿਬ ਪੁਲਿਸ ਨੂੰ ਚੌਕਸ ਕਰ ਦਿੱਤਾ ਗਿਆ ਹੈ।
ਨਨਕਾਣਾ ਸਾਹਿਬ ਨਾਲ ਸਬੰਧਤ ਜਗਜੀਤ ਕੌਰ ਨੇ ਪਿਛਲੇ ਸਾਲ ਸਤੰਬਰ ਵਿਚ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਜਾਂਦਿਆਂ ਮੁਹੱਲੇ ਵਿਚ ਹੀ ਰਹਿੰਦੇ ਮੁਹੰਮਦ ਹਾਸਨ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਮਗਰੋਂ ਜਗਜੀਤ ਕੌਰ ਨੇ ਮੁਸਲਿਮ ਨਾਂ ‘ਆਇਸ਼ਾ’ ਰੱਖ ਲਿਆ। ਸਿੱਖ ਲੜਕੀ ਦੇ ਪਰਿਵਾਰ ਨੇ ਹਾਲਾਂਕਿ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਕੁੜੀ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਕੀਤਾ ਗਿਆ ਹੈ। ਸਿੱਖ ਲੜਕੀ ਦਾ ਪਿਤਾ ਗੁਰਦੁਆਰਾ ਤੰਬੂ ਸਾਹਿਬ ਦਾ ਗ੍ਰੰਥੀ ਹੈ। ਜਗਜੀਤ ਕੌਰ ਪਿਛਲੇ ਸਾਲ ਸਤੰਬਰ ਤੋਂ ਲਾਹੌਰ ਦੇ ਇਕ ਪਨਾਹਘਰ (ਦਾਰੁਲ ਅਮਨ) ਵਿਚ ਰਹਿ ਰਹੀ ਸੀ। ਜਸਟਿਸ ਚੌਧਰੀ ਸ਼ਹਿਰਮ ਸਰਵਰ ਦੀ ਅਦਾਲਤ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਸਿੱਖ ਲੜਕੀ ਨੂੰ ਸਖ਼ਤ ਸੁਰੱਖਿਆ ਹੇਠ ਅਦਾਲਤ ਲਿਆਂਦਾ ਗਿਆ। ਇਸ ਮੌਕੇ ਲੜਕੀ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਫੈਸਲੇ ‘ਤੇ ਨਿਰਾਸ਼ਾ ਜ਼ਾਹਿਰ ਕੀਤੀ। ਉਂਜ ਕੇਸ ‘ਤੇ ਬਹਿਸ ਦੌਰਾਨ ਸਿੱਖ ਪਰਿਵਾਰ ਦੇ ਵਕੀਲ ਨੇ ਲੜਕੀ ਨੂੰ ਨਾਬਾਲਗ ਦੱਸਿਆ, ਜਿਸ ਨੂੰ ਜੱਜ ਨੇ ਕੌਮੀ ਅੰਕੜਾ ਬੇਸ ਤੇ ਰਜਿਸਟਰੇਸ਼ਨ ਅਥਾਰਿਟੀ ਵੱਲੋਂ ਪੇਸ਼ ਰਿਕਾਰਡ ਦੇ ਹਵਾਲੇ ਨਾਲ ਖਾਰਜ ਕਰ ਦਿੱਤਾ।


Share