ਲਾਹੌਰ ਦੇ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਦੇ ਬਾਹਰ ਸਥਾਪਤ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਿਆ

416
ਨੁਕਸਾਨੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਤਸਵੀਰ। (ਹਸ਼ੀਏ ’ਚ) ਬੁੱਤ ਨੂੰ ਨੁਕਸਾਨਣ ਤੋਂ ਪਹਿਲਾਂ ਪ੍ਰਾਰਥਨਾ ਕਰਦਾ ਹੋਇਆ ਮੌਲਵੀ।
Share

-ਵਿਅਕਤੀ ਗਿ੍ਰਫ਼ਤਾਰ
-ਪਾਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਟਨਾ ਦੀ ਨਿੰਦਾ
ਅੰਮਿ੍ਰਤਸਰ, 18 ਅਗਸਤ (ਪੰਜਾਬ ਮੇਲ)- ਲਾਹੌਰ ਦੇ ਸ਼ਾਹੀ ਕਿਲੇ ਵਿਚਲੀ ਸਿੱਖ ਗੈਲਰੀ ਦੇ ਬਾਹਰ ਸਥਾਪਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਕੁਝ ਵਿਅਕਤੀਆਂ ਨੇ ਤੋੜ ਦਿੱਤਾ ਹੈ। ਪੁਲਿਸ ਨੇ ਇਸ ਸਬੰਧ ’ਚ ਕੁਝ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਇਸ ਕਾਰਵਾਈ ਨੂੰ ਸਿੱਖ ਅਤੇ ਮੁਸਲਿਮ ਭਾਈਚਾਰੇ ਵਿਚ ਪਾੜ ਪਾਉਣ ਦਾ ਯਤਨ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਪੀ.ਐੱਸ.ਜੀ.ਪੀ.ਸੀ. ਦੇ ਪ੍ਰਧਾਨ ਸਤਵੰਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਸਰਕਾਰ ਸਖ਼ਤ ਕਾਰਵਾਈ ਕਰੇਗੀ। ਇਸ ਸਬੰਧ ’ਚ ਉਨ੍ਹਾਂ ਖੁਦ ਵੀ ਸਬੰਧਤ ਵਿਭਾਗ ਨਾਲ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਵੀ ਦੋ ਵਾਰ ਇਸ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਪਾਕਿਸਤਾਨ ’ਚ ਸਿੱਖ ਮੁਸਲਿਮ ਭਾਈਚਾਰਕ ਸਾਂਝ ਨੂੰ ਤੋੜਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਕਿਸੇ ਇਕ ਵਿਅਕਤੀ ਵੱਲੋਂ ਕੀਤੀ ਇਸ ਕਾਰਵਾਈ ਨੂੰ ਸਮੁੱਚੀ ਕੌਮ ਦੀ ਕਾਰਵਾਈ ਨਹੀਂ ਆਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਅਜਿਹੀ ਘਟਨਾ ਮੁੜ ਨਹੀਂ ਵਾਪਰੇਗੀ। ਅਫ਼ਗਾਨਿਸਤਾਨ ’ਚ ਸਿੱਖਾਂ ਦੀ ਹਾਲਤ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਅਫ਼ਗਾਨ ਸਿੱਖ ਪਾਕਿਸਤਾਨ ਆਉਂਦੇ ਹਨ, ਤਾਂ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨਗੇ।
ਜ਼ਿਕਰਯੋਗ ਹੈ ਕਿ ਇਹ ਲਗਭਗ 9 ਫੁੱਟ ਉਚਾ ਬੁੱਤ 2019 ’ਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਸਥਾਪਿਤ ਕੀਤਾ ਗਿਆ ਸੀ। ਇਸ ਬੁੱਤ ’ਚ ਮਹਾਰਾਜਾ ਰਣਜੀਤ ਸਿੰਘ ਨੂੰ ਘੌੜੇ ’ਤੇ ਬੈਠਾ ਦਿਖਾਇਆ ਗਿਆ ਸੀ। ਬੁੱਤ ਤੋੜਨ ਵਾਲਿਆਂ ਨੇ ਸਿਰਫ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੀ ਤੋੜਿਆ ਹੈ। ਇਸ ਦੀ ਇਕ ਵੀਡੀੳ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿਚ ਬੁੱਤ ਤੋੜਨ ਵਾਲੀ ਥਾਂ ’ਤੇ 3 ਵਿਅਕਤੀ ਦਿਖਾਈ ਦੇ ਰਹੇ ਹਨ। ਮਿਲੇ ਵੇਰਵਿਆਂ ਮੁਤਾਬਕ ਬੁੱਤ ਨੂੰ ਨੁਕਸਾਉਣ ਪਹੁੰਚਾਉਣ ਵਾਲੇ ਪਾਕਿਸਤਾਨ ਦੀ ਗਰਮ ਖਿਆਲੀ ਜਥੇਬੰਦੀ ਤਹਿਰੀਕੇ ਲਭਾਇਕ ਦੇ ਕਾਰਕੁਨ ਹਨ।
ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਵੇ : ਬੀਬੀ ਜਗੀਰ ਕੌਰ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਸ਼ਵ ਮਾਨਤਾ ਵਾਲੇ ਸਿੱਖ ਸ਼ਾਸਕ ਦਾ ਬੁੱਤ ਤੋੜ ਕੇ ਨਫਰਤ ਦਾ ਪ੍ਰਗਟਾਵਾ ਕਰਨਾ ਮਨੁੱਖੀ ਸਰੋਕਾਰਾਂ ਵਿਰੁੱਧ ਕਾਰਵਾਈ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਨਿਰਾਦਰੀ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਜਿਹਾ ਸਿੱਖ ਰਾਜਾ ਸੀ, ਜਿਸ ਦੇ ਰਾਜ ਵਿਚ ਸਭ ਨੂੰ ਬਰਾਬਰੀ ਦਾ ਹੱਕ ਪ੍ਰਾਪਤ ਸੀ ਅਤੇ ਕਿਸੇ ਨਾਲ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਦਾ ਸ਼ਾਸਨ ਗੁਰੂ ਸਾਹਿਬਾਨਾਂ ਦੇ ਮੂਲ ਸਿਧਾਂਤਾਂ ’ਤੇ ਆਧਾਰਿਤ ਸੀ, ਜਿਸ ਵਿਚ ਸਮਾਜਿਕ ਬਰਾਬਰੀ ਤੇ ਸਭ ਨੂੰ ਧਾਰਮਿਕ ਆਜ਼ਾਦੀ ਸੀ।

Share