ਲਾਹੌਰ ਦੇ ਪੰਜਾਬ ਪੁਰਾਤੱਤਵ ਵਿਭਾਗ ਕੋਲ ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਕਈ ਦੁਰਲੱਭ ਦਸਤਾਵੇਜ਼ ਮੌਜੂਦ

52
Share

ਅੰਮਿ੍ਰਤਸਰ, 29 ਸਤੰਬਰ (ਪੰਜਾਬ ਮੇਲ)-ਪਾਕਿਸਤਾਨ ਦੇ ਲਾਹੌਰ ਸ਼ਹਿਰ ’ਚ ਪੰਜਾਬ ਪੁਰਾਤੱਤਵ ਵਿਭਾਗ ਕੋਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸੰਬੰਧਿਤ ਕਈ ਦੁਰਲੱਭ ਦਸਤਾਵੇਜ਼ ਮੌਜੂਦ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਿਭਾਗ ਕੋਲ ਸ਼ਹੀਦ ਭਗਤ ਸਿੰਘ ਵੱਲੋਂ ਲਾਹੌਰ ਸੈਂਟਰਲ ਜੇਲ੍ਹ ’ਚੋਂ ਰਾਜਸੀ ਕੈਦੀ ਐਲਾਨੇ ਜਾਣ ਉਪਰੰਤ ਏ-ਕਲਾਸ ਦੀ ਸਹੂਲਤ ਲੈਣ ਲਈ ਲਿਖੇ ਪੱਤਰ ਦੇ ਇਲਾਵਾ ਕ੍ਰਾਂਤੀਕਾਰੀਆਂ ਦੇ ਹੱਥੋਂ ਮਾਰੇ ਗਏ ਪੁਲਿਸ ਅਧਿਕਾਰੀ ਜੋਨ ਪੀ. ਸਾਂਡਰਸ ਅਤੇ ਸਿਪਾਹੀ ਚਰਨ ਸਿੰਘ ਦੀਆਂ ਪੋਸਟਮਾਰਟਮ ਰਿਪੋਰਟਾਂ, ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਦੋਸ਼ੀ ਠਹਿਰਾਉਣ ਬਾਰੇ ਅਦਾਲਤੀ ਹੁਕਮ ਅਤੇ ਉਨ੍ਹਾਂ ਨੂੰ ਫਾਂਸੀ ’ਤੇ ਲਟਕਾਉਣ ਦੀ ਪੁਸ਼ਟੀ ਬਾਰੇ ਜੇਲ੍ਹ ਦੇ ਦਰੋਗ਼ਾ ਦੀ ਰਿਪੋਰਟ ਵੀ ਸੁਰੱਖਿਅਤ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਰਾਤੱਤਵ ਵਿਭਾਗ ਦੇ ਰਿਕਾਰਡ ’ਚ ਭਗਤ ਸਿੰਘ ਦੁਆਰਾ ਜੇਲ੍ਹ ਦੀ ਸਜ਼ਾ ਦੌਰਾਨ ਮੰਗਵਾਈਆਂ ਗਈਆਂ ਕਿਤਾਬਾਂ, ਨਾਵਲ, ਕ੍ਰਾਂਤੀਕਾਰੀ ਸਾਹਿਤ ਸਮੇਤ ਲਾਹੌਰ ਦੀ ਰਾਵੀ ਰੋਡ ’ਤੇ ਸਥਿਤ ਫ਼ੈਕਟਰੀ, ਗਵਾਲ ਮੰਡੀ ਆਬਾਦੀ ਅਤੇ ਮੁਜੰਗ ਚੁੰਗੀ ਦੇ ਕਿਰਾਏ ਦੇ ਘਰ ਅਤੇ ਮਿਕਲਿਓਡ ਰੋਡ ਸਥਿਤ ਕਸ਼ਮੀਰ ਬਿਲਡਿੰਗ ਸਮੇਤ ਉਨ੍ਹਾਂ ਹੋਟਲਾਂ ਦਾ ਰਿਕਾਰਡ ਵੀ ਮੌਜੂਦ ਹੈ, ਜਿੱਥੇ ਭਗਤ ਸਿੰਘ ਅਤੇ ਉਨ੍ਹਾਂ ਦੇ ਦੂਜੇ ਸਾਥੀ ਰੂਪੋਸ਼ ਹੋਣ ਮੌਕੇ ਰਹੇ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਤੋਂ ਸੰਨ 1930 ’ਚ ਪ੍ਰਕਾਸ਼ਿਤ ਹੋਈਆਂ ਉਰਦੂ ਅਖ਼ਬਾਰਾਂ ਦੀਆਂ ਉਹ ਖ਼ਬਰਾਂ ਵੀ ਉਕਤ ਵਿਭਾਗ ਪਾਸ ਮੌਜੂਦ ਹਨ ਜਿਨ੍ਹਾਂ ’ਚ ਭਗਤ ਸਿੰਘ ਦੀ ਫਾਂਸੀ ਜਾਂ ਟਰਾਇਲ ਬਾਰੇ ਜਾਣਕਾਰੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ। ਇਨ੍ਹਾਂ ਅਖ਼ਬਾਰਾਂ ’ਚ ਵੀਰ ਭਾਰਤ (1930) ਅਖ਼ਬਾਰ ਦੀ ਉਹ ਕਾਪੀ ਵੀ ਮੌਜੂਦ ਹੈ, ਜਿਸ ’ਚ ਬਰਤਾਨਵੀ ਸਰਕਾਰ ਵਿਰੁੱਧ ਵਿਦਰੋਹ ਲਈ ਭਗਤ ਸਿੰਘ ਦੇ ਯਤਨਾ ਦੀ ਹਮਾਇਤ ਕੀਤੀ ਗਈ ਸੀ।

Share