ਲਾਹੌਰ ‘ਚ ਗੁਰਦੁਆਰੇ ਦੀ ਜ਼ਮੀਨ ‘ਤੇ ਇਸਲਾਮਿਕ ਆਗੂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਕੀਤਾ ਕਬਜ਼ਾ

706
Share

ਲਾਹੌਰ, 27 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਲਾਹੌਰ ਵਿਚ ਦਾਅਵਤ-ਏ-ਇਸਲਾਮੀ (ਬਰੇਲਵੀ) ਦੇ ਕਾਰਕੁੰਨਾਂ ਅਤੇ ਹਜਰਤ ਸ਼ਾਹ ਕਾਕੂ ਚਿਸ਼ਤੀ ਦੀ ਮਜਾਰ ਦੇ ਮਾਲਕ ਨੇ ਘੱਟ ਗਿਣਤੀ ਸਿੱਖਾਂ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ ਅਤੇ ਇਹ ਸਿਰਫ ਮੁਸਲਮਾਨਾਂ ਦੇ ਲਈ ਹੈ। ਉਸ ਨੇ ਸਥਾਨਕ ਲੋਕਾਂ ਦੇ ਨਾਲ ਮਿਲ ਕੇ ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਦੀ ਜ਼ਮੀਨ ‘ਤੇ ਵੀ ਕਬਜ਼ਾ ਕਰ ਲਿਆ। ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਲਾਹੌਰ ਵਿਚ ਉਸ ਸਥਾਨ ‘ਤੇ ਸਥਾਪਿਤ ਕੀਤਾ ਗਿਆ ਹੈ, ਜਿੱਥੇ ਭਾਈ ਤਾਰੂ ਸਿੰਘ, ਜਾਕੀਆ ਖਾਨ ਦੇ ਹੱਥੋਂ ਸ਼ਹੀਦ ਹੋਏ ਸਨ। ਉਨ੍ਹਾਂ ਨੇ ਆਪਣੇ ਕੇਸ ਕਟਾਉਣ ਅਤੇ ਇਸਲਾਮ ਕਬੂਲ ਕਰਨ ਦੀ ਬਜਾਏ ਆਪਣਾ ਸਿਰ ਕਲਮ ਕਰਵਾਉਣਾ ਮਨਜ਼ੂਰ ਕਰ ਲਿਆ ਸੀ।
ਇਕ ਵੀਡੀਓ ‘ਚ ਲਾਹੌਰ ਦੇ ਲਾਂਡਾ ਬਾਜ਼ਾਰ ਵਿਚ ਇਕ ਦੁਕਾਨ ਚਲਾਉਣ ਵਲੇ ਸੋਹੇਲ ਬੱਟ ਨੇ ਗੁਰਦੁਆਰਾ ਭਾਈ ਤਾਰੂ ਸਿੰਘ ਦੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਨਾਲ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਜੀ.ਪੀ.ਸੀ.) ਦੇ ਸਾਬਕਾ ਮੁਖੀ ਗੋਪਾਲ ਸਿੰਘ ਚਾਵਲਾ ਨੂੰ ਧਮਕੀ ਦਿੱਤੀ ਹੈ। ਸੋਹੇਲ ਨੇ ਦਾਅਵਾ ਕੀਤਾ ਕਿ ਜਿਸ ਜ਼ਮੀਨ ‘ਤੇ ਗੁਰਦੁਆਰਾ ਭਾਈ ਤਾਰੂ ਸਿੰਘ ਬਣਿਆ ਹੈ ਅਤੇ ਗੁਰਦੁਆਰੇ ਦੀ 4-5 ਕਨਾਲ ਦੀ ਜ਼ਮੀਨ ਵੀ ਹਜਰਤ ਸ਼ਾਹ ਕਾਕੂ ਚਿਸ਼ਤੀ ਦੀ ਮਜਾਰ ਅਤੇ ਉਸ ਨਾਲ ਲੱਗੀ ਮਸਜਿਦ ਸ਼ਹੀਦ ਗੰਜ ਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੋਹੇਲ ਬੱਟ ਨੇ ਇਹ ਸਭ ਕੁਝ ਭੂਮਾਫੀਆ ਅਤੇ ਆਈ.ਐੱਸ.ਆਈ. ਅਫਸਰ ਜੈਨ ਸਾਬ ਦੇ ਇਸ਼ਾਰੇ ‘ਤੇ ਕੀਤਾ ਹੈ।
ਸੋਹੇਲ ਨੇ ਇਕ ਵੀਡੀਓ ‘ਚ ਸਿੱਖ ਭਾਈਚਾਰੇ ਦੇ ਨੇਤਾ ਗੋਪਾਲ ਸਿੰਘ ਚਾਵਲਾ ਅਤੇ ਇਸ ਗੁਰਦੁਆਰੇ ‘ਚ ਰਹਿਣ ਵਾਲੇ ਇਕ ਸਾਬਕਾ ਸਿੱਖ ਦੇ ਵਿਰੁੱਧ ਬਿਆਨਬਾਜ਼ੀ ਕੀਤੀ। ਗੋਪਾਲ ਸਿੰਘ ਚਾਵਲਾ ਦੇ ਸਿੱਖਾਂ ਦੇ ਵਿਰੁੱਧ ਦੁਰਵਿਵਹਾਰ ਦੇ ਬਿਆਨ ਦੇ ਜਵਾਬ ਵਿਚ ਸੋਹੇਲ ਨੇ ਕਿਹਾ ਕਿ ਗੋਪਾਲ ਸਿੰਘ ਚਾਵਲਾ ਨੇ ਪਾਕਿਸਤਾਨ ‘ਤੇ ਦੋਸ਼ ਲਗਾਇਆ ਹੈ, ਜਦਕਿ ਉਹ ਖੁਦ ਪਿਛਲੇ ਇਕ ਸਾਲ ਤੋਂ ਮਜਾਰ ਦੀ ਜ਼ਮੀਨ ‘ਤੇ ਖੜ੍ਹੇ ਹਨ। ਉਸ ਨੇ ਭੜਕਾਊ ਭਾਸ਼ਣ ਦਿੰਦੇ ਹੋਏ ਕਿਹਾ ਕਿ ਸਿੱਖ ਬੁਰੇ ਆਦਮੀ ਕਿਉਂ ਬਣ ਰਹੇ ਹਨ। ਪਿਛਲੇ 10-15 ਸਾਲਾਂ ਵਿਚ ਇੱਥੇ ਇੰਨੇ ਗੁਰਦੁਆਰੇ ਕਿਉਂ ਬਣ ਗਏ ਹਨ, ਜਦਕਿ ਪਾਕਿਸਤਾਨ ਇਕ ਇਸਲਾਮਿਕ ਦੇਸ਼ ਹੈ। ਉਸ ਨੇ ਕਿਹਾ ਕਿ ਪਾਕਿਸਤਾਨ ਉਸ ਦਾ ਦੇਸ਼ ਹੈ ਅਤੇ ਅਸੀਂ ਆਪਣੇ ਦੇਸ਼ ਦੇ ਪ੍ਰਤੀ ਵਫਾਦਾਰ ਹਾਂ। ਸਿੱਖਾਂ ਨੂੰ ਇਹ ਜ਼ਮੀਨ ਆਪਣੀ ਸਾਬਤ ਕਰਨ ਦੇ ਲਈ ਸਬੂਤ ਦੇਣਾ ਹੋਵੇਗਾ। ਗੌਰਤਲਬ ਹੈ ਕਿ ਅਜਿਹੇ ਹੀ ਕਿਸੇ ਬਹਾਨੇ ਨਾਲ ਪਾਕਿਸਤਾਨ ‘ਚ ਇਤਿਹਾਸਿਕ ਗੁਰਦੁਆਰਿਆਂ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ ਜਾਂ ਫਿਰ ਉਨ੍ਹਾਂ ‘ਤੇ ਭੂਮਾਫੀਆ ਕਬਜ਼ਾ ਕਰ ਰਹੇ ਹਨ। ਫਿਲਹਾਲ ਘੱਟ ਗਿਣਤੀ ਸਿੱਖਾਂ ਦੀਆਂ ਕੁੜੀਆਂ ਨੂੰ ਵੀ ਮੁਸਲਮਾਨ ਕੱਟੜਪੰਥੀ ਅਗਵਾ ਕਰ ਕੇ ਉਨ੍ਹਾਂ ਨਾਲ ਵਿਆਹ ਕਰ ਰਹੇ ਹਨ।


Share