ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦੀਪ ਸਿੱਧੂ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ

267
Share

ਨਵੀਂ ਦਿੱਲੀ, 10 ਫਰਵਰੀ (ਪੰਜਾਬ ਮੇਲ)-ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਨਾਮਜ਼ਦ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਤੀਸ ਹਜ਼ਾਰੀ ਕੋਰਟ ਦੀ ਮੈਟਰੋਪੁਲੀਟਨ ਮੈਜਿਸਟ੍ਰੇਟ ਪ੍ਰਗਿਆ ਗੁਪਤਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਦੀਪ ਸਿੱਧੂ ਨੂੰ 7 ਦਿਨ ਦੀ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਅਦਾਲਤ ਵਲੋਂ 7 ਦਿਨਾਂ ਦਾ ਰਿਮਾਂਡ ਦੇਣ ਤੋਂ ਬਾਅਦ ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਅੱਗੇ ਵੀ ਦੀਪ ਸਿੱਧੂ ਦੇ ਰਿਮਾਂਡ ਦੀ ਜ਼ਰੂਰਤ ਹੋ ਸਕਦੀ ਹੈ ਕਿਉਂਕਿ ਪੁਲਿਸ ਨੇ ਉਸ ਦੇ ਸੋਸ਼ਲ ਮੀਡੀਆ ਦੀ ਪੜਤਾਲ ਵੀ ਕਰਨੀ ਹੈ ਅਤੇ ਜਾਂਚ ਦੇ ਮਾਮਲੇ ’ਚ ਉਸ ਨੂੰ ਪੰਜਾਬ ਅਤੇ ਹਰਿਆਣਾ ਵੀ ਲੈ ਕੇ ਜਾਣਾ ਹੈ। ਅਦਾਲਤ ’ਚ ਪੁਲਿਸ ਨੇ ਦੀਪ ਸਿੱਧੂ ਦੇ 10 ਦਿਨਾਂ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ, ਜਦਕਿ ਉਸ ਦੇ ਵਕੀਲ ਵਲੋਂ ਪੁਲਿਸ ਹਿਰਾਸਤ ਦੀ ਮੰਗ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਰਿਮਾਂਡ ਦੀ ਜ਼ਰੂਰਤ ਨਹੀਂ ਹੈ। ਪੇਸ਼ੀ ਤੋਂ ਪਹਿਲਾਂ ਅਦਾਲਤ ਦੇ ਬਾਹਰ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਵੀ ਲਾਏ ਗਏ। ਇਸੇ ਦੌਰਾਨ ਦੀਪ ਸਿੱਧੂ ਦੇ ਸਮਰਥਨ ’ਚ ਆਏ ਲੋਕਾਂ ਅਤੇ ਕੁਝ ਵਕੀਲਾਂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਦਿੱਲੀ ਪੁਲਿਸ ਦੇ ਡੀ.ਸੀ.ਪੀ. (ਵਿਸ਼ੇਸ਼ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਦੀਪ ਸਿੱਧੂ ਨੂੰ ਪੁਲਿਸ ਦੇ ਵਿਸ਼ੇਸ਼ ਸੈੱਲ ਦੀ ਟੀਮ ਨੇ ਕਰਨਾਲ ਬਾਈਪਾਸ ਤੋਂ ਸੋਮਵਾਰ ਰਾਤ 10:40 ਵਜੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਪਰਾਧ ਸ਼ਾਖਾ ਉਸ ਦੀ ਭੂਮਿਕਾ ਦੀ ਜਾਂਚ ਕਰੇਗੀ। ਇਹ ਪੁੱਛੇ ਜਾਣ ’ਤੇ ਕਿ ਉਹ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਤੋਂ ਬਾਅਦ ਕਿੱਥੇ ਲੁਕਿਆ ਹੋਇਆ ਸੀ, ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਸੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੀਪ ਸਿੱਧੂ ਕੈਲੀਫੋਰਨੀਆ ’ਚ ਰਹਿੰਦੀ ਇਕ ਔਰਤ ਦੇ ਸੰਪਰਕ ਵਿਚ ਸੀ। ਉਹ ਆਪਣੀ ਵੀਡੀਓ ਬਣਾ ਕੇ ਉੁਸ ਨੂੰ ਭੇਜਦਾ ਸੀ, ਜੋ ਉਨ੍ਹਾਂ ਨੂੰ ਉਸ ਦੇ ਫੇਸਬੁੱਕ ਅਕਾਊਂਟ ’ਤੇ ਅਪਲੋਡ ਕਰਦੀ ਸੀ। ਦੀਪ ਸਿੱਧੂ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਪੁਲਿਸ ਮੁਤਾਬਿਕ ਸਪੈਸ਼ਲ ਸੈੱਲ ਨੇ ਬਿਹਾਰ, ਮੁੰਬਈ, ਰਾਂਚੀ, ਹਿਮਾਚਲ ਪ੍ਰਦੇਸ਼ ਤੇ ਪੰਜਾਬ ’ਚ ਲਗਾਤਾਰ ਛਾਪਾਮਾਰੀ ਕੀਤੀ ਸੀ, ਤਦ ਜਾ ਕੇ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਹੋ ਸਕੀ। ਪੁਲਿਸ ਮੁਤਾਬਿਕ 26 ਜਨਵਰੀ ਤੋਂ ਬਾਅਦ ਦੀਪ ਸਿੱਧੂ ਪੰਜਾਬ, ਯੂ.ਪੀ., ਹਿਮਾਚਲ ਤੇ ਹਰਿਆਣਾ ’ਚ ਰੁਕਿਆ ਸੀ। ਇਸ ਮਾਮਲੇ ’ਚ ਇਕ ਹੋਰ ਦੋਸ਼ੀ ਸੁਖਦੇਵ ਸਿੰਘ ਨੂੰ ਅਦਾਲਤ ਨੇ 19 ਫਰਵਰੀ ਤੱਕ ਨਿਆਂਇਕ ਹਿਰਾਸਤ ’ਚ ਭੇਜਿਆ ਹੈ।


Share