ਲਾਲ ਕਿਲ੍ਹਾ ਹਿੰਸਾ : ਦਿੱਲੀ ਪੁਲਿਸ ਵਲੋਂ ਹੁਸ਼ਿਆਰਪੁਰ ਤੋਂ ਇਕਬਾਲ ਸਿੰਘ ਗਿ੍ਫ਼ਤਾਰ

533
Share

7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਨਵੀਂ ਦਿੱਲੀ, 11 ਫਰਵਰੀ (ਪੰਜਾਬ ਮੇਲ)- ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਲੋੜੀਂਦੇ ਇਕਬਾਲ ਸਿੰਘ ਨੂੰ ਬੀਤੀ ਰਾਤ ਹੁਸ਼ਿਆਰਪੁਰ ਤੋਂ ਗਿ੍ਫ਼ਤਾਰ ਕੀਤਾ ਹੈ, ਜਿਸ ਨੂੰ ਅੱਜ ਮੈਟਰੋਪੁਲੀਟਨ ਮੈਜਿਸਟ੍ਰੇਟ ਪੂਰਵਾ ਮਹਿਰਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 7 ਦਿਨਾਂ ਦੀ ਪੁਲਿਸ ਹਿਰਾਸਤ ‘ਚ ਭੇਜ ਦਿੱਤਾ | ਪੁਲਿਸ ਨੇ ਅਦਾਲਤ ‘ਚ ਇਕਬਾਲ ਸਿੰਘ ਕੋਲੋਂ ਪੁੱਛਗਿੱਛ ਲਈ 10 ਦਿਨਾਂ ਦੇ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਇਕਬਾਲ ਸਿੰਘ ਹਿੰਸਾ ਦੇ ਮਾਮਲੇ ‘ਚ ਮੁੱਖ ਸਾਜਿਸ਼ਕਾਰਾਂ ‘ਚੋਂ ਇਕ ਹੈ | ਜਾਂਚ ਅਧਿਕਾਰੀ ਨੇ ਦੋਸ਼ ਲਗਾਇਆ ਕਿ ਉਸ ਨੇ ਇਕ ਨਿਊਜ਼ ਚੈਨਲ ‘ਤੇ ਇਕ ਘੰਟੇ ਤੋਂ ਵੱਧ ਸਮੇਂ ਤੱਕ ਲਾਈਵ ਵੀਡੀਓ ਚਲਾਈ, ਜਿਸ ‘ਚ ਉਸ ਨੂੰ ਹਿੰਸਾ ਲਈ ਭੜਕਾਉਂਦੇ ਦੇਖਿਆ ਜਾ ਸਕਦਾ ਹੈ | ਜਾਂਚ ਲਈ ਉਸ ਨੂੰ ਪੰਜਾਬ ਤੇ ਹੋਰ ਥਾਵਾਂ ‘ਤੇ ਲੈ ਕੇ ਜਾਣ ਅਤੇ ਉਸ ਮਿਲਦੇ ਫੰਡਾਂ ਸਬੰਧੀ ਜਾਂਚ ਕਰਨ ਦੀ ਜ਼ਰੂਰਤ ਹੈ | ਪੁੱਛਗਿੱਛ ‘ਚ ਉਸ ਨੇ ਦੱਸਿਆ ਹੈ ਕਿ ਉਹ ਇਕ ਨਿਊਜ਼ ਚੈਨਲ ਚਲਾਉਂਦਾ ਹੈ | ਦਿੱਲੀ ਪੁਲਿਸ ਦੇ ਡੀ. ਸੀ. ਪੀ. (ਸਪੈਸ਼ਲ ਸੈੱਲ) ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਉੱਤਰੀ ਰੇਂਜ ਦੀ ਟੀਮ ਨੇ ਇਕਬਾਲ ਸਿੰਘ ਨੂੰ ਮੰਗਲਵਾਰ ਰਾਤ ਪੰਜਾਬ ਦੇ ਹੁਸ਼ਿਆਰਪੁਰ ਤੋਂ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਉਸ ‘ਤੇ 50,000 ਰੁਪਏ ਦਾ ਇਨਾਮ ਐਲਾਨਿਆ ਸੀ |


Share