ਲਾਲ ਕਿਲਾ ਹਿੰਸਾ ਮਾਮਲਾ: ਮਾਸਟਰਮਾਈਂਡ ਕੋਈ ਹੋਰ ਹੀ, ਦੀਪ ਸਿੱਧੂ ਤੇ ਇਕਬਾਲ ਸਿੰਘ ਤਾਂ ਸਿਰਫ ਮੋਹਰਾ!

361
Share

-ਮੁੱਢਲੀ ਤਫਤੀਸ਼ ’ਚ ਹੋਇਆ ਸਪੱਸ਼ਟ
ਨਵੀਂ ਦਿੱਲੀ, 14 ਫਰਵਰੀ (ਪੰਜਾਬ ਮੇਲ)- ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਭੀੜ ਨੂੰ ਭੜਕਾਉਣ ਵਾਲੇ ਮੁੱਖ ਮੁਲਜ਼ਮਾਂ ’ਚ ਸ਼ਾਮਲ ਦੀਪ ਸਿੱਧੂ ਤੇ ਇਕਬਾਲ ਸਿੰਘ ਤੋਂ ਡੀ.ਸੀ.ਪੀ. ਦੀ ਅਗਵਾਈ ਹੇਠ ਜਾਂਚ ਅਧਿਕਾਰੀਆਂ ਨੇ 15 ਸਵਾਲਾਂ ਦੀ ਲਿਸਟ ਬਣਾ ਕੇ ਕ੍ਰਾਈਮ ਬ੍ਰਾਂਚ ਦੇ ਆਫਿਸ ਵਿਚ ਲਗਭਗ 4 ਘੰਟੇ ਤੱਕ ਪੁੱਛਗਿੱਛ ਕੀਤੀ, ਜਿਸ ਵਿਚ ਦੋਵਾਂ ਮੁਲਜ਼ਮਾਂ ਦਾ ਇਕੋ ਜਵਾਬ ਸੀ ਕਿ ਉਨ੍ਹਾਂ ਦਾ ਕੋਈ ਮਾੜਾ ਇਰਾਦਾ ਨਹੀਂ ਸੀ ਅਤੇ ਜਿਵੇਂ ਸਾਰੇ ਉੱਥੇ ਜਾ ਰਹੇ ਸਨ, ਉਹ ਵੀ ਚਲੇ ਗਏ ਸਨ। ਉੱਥੇ ਹੀ ਕ੍ਰਾਈਮ ਬ੍ਰਾਂਚ ਨੇ ਕਈ ਡਿਜੀਟਲ ਸਬੂਤ ਇਕੱਠੇ ਕੀਤੇ ਹਨ। ਪੁਲਿਸ ਦੀਪ ਸਿੱਧੂ ਦੇ ਦੋਵਾਂ ਮੋਬਾਇਲ ਫੋਨਾਂ ਦਾ ਕਾਲ ਡਿਟੇਲ ਰਿਕਾਰਡ ਅਤੇ ਇਨ੍ਹਾਂ ਦੀ ਲੋਕੇਸ਼ਨ ਦੇ ਆਧਾਰ ’ਤੇ ਪੁੱਛਗਿੱਛ ਕਰ ਕੇ ਉਸ ਦੇ ਨੈੱਟਵਰਕ ਨੂੰ ਫਰੋਲ ਰਹੀ ਹੈ। ਮੁੱਢਲੀ ਤਫਤੀਸ਼ ’ਚ ਸਪੱਸ਼ਟ ਹੋਇਆ ਹੈ ਕਿ ਹਿੰਸਾ ਦੇ ਮਾਸਟਰਮਾਈਂਡ ਕੋਈ ਹੋਰ ਹੀ ਹਨ, ਦੀਪ ਸਿੱਧੂ ਤੇ ਇਕਬਾਲ ਸਿੰਘ ਤਾਂ ਸਿਰਫ ਮੋਹਰਾ ਸਨ।
ਦੀਪ ਸਿੱਧੂ ਨੇ ਹਿੰਸਾ ਵੇਲੇ ਅਤੇ ਝੰਡਾ ਲਹਿਰਾਉਣ ਵੇਲੇ ਲਾਲ ਕਿਲੇ ਦੇ ਉੱਪਰ ਮੌਜੂਦ ਹੋਣ ਦੀ ਗੱਲ ਮੰਨੀ ਹੈ, ਜਦੋਂਕਿ ਪਹਿਲਾਂ ਤੋਂ ਹੀ ਇਸ ਗੱਲ ਦੇ ਸਬੂਤ ਤੇ ਵੀਡੀਓ ਮੌਜੂਦ ਹਨ। ਝੰਡਾ ਲਹਿਰਾਉਣ ਵੇਲੇ ਉਸ ਨੇ ਫੇਸਬੁੱਕ ਲਾਈਵ ਵੀ ਕੀਤਾ ਸੀ। ਇਸ ਬਾਰੇ ਦੀਪ ਸਿੱਧੂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਫੈਨ ਫਾਲੋਇੰਗ ਵਧਾਉਣ ਕਾਰਣ ਉਸ ਕੋਲੋਂ ਇਹ ਗਲਤੀ ਹੋ ਗਈ। ਹਿੰਸਾ ਬਾਰੇ ਦੀਪ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਗੱਲ ਇੰਨੀ ਵਿਗੜ ਜਾਵੇਗੀ। ਉਹ ਲਾਲ ਕਿਲੇ ’ਤੇ ਲੋਕਾਂ ਦਾ ਭੜਕਾਊ ਤੇ ਹਿੰਸਕ ਰੂਪ ਦੇਖ ਕੇ ਬਹੁਤ ਘਬਰਾ ਗਿਆ ਸੀ। ਹਿੰਸਾ ਵਧਦੀ ਦੇਖ ਕੇ ਉਹ ਲਾਲ ਕਿਲ੍ਹੇ ਤੋਂ ਚਲਾ ਗਿਆ ਸੀ ਕਿਉਂਕਿ ਲੋਕ ਉਸ ਦੀ ਗੱਲ ਵੀ ਨਹੀਂ ਮੰਨ ਰਹੇ ਸਨ। ਹੁਣ ਤੱਕ ਦੀ ਜਾਂਚ ਵਿਚ ਦੀਪ ਦੀ ਮੋਬਾਇਲ ਲੋਕੇਸ਼ਨ ਰਾਜਘਾਟ ਤੋਂ ਲਾਲ ਕਿਲ੍ਹੇ ਦੇ ਵਿਚਕਾਰ ਦੀ ਮਿਲੀ ਹੈ। ਦੂਜੀ ਲੋਕੇਸ਼ਨ ਕੁੰਡਲੀ-ਸਿੰਘੂ ਬਾਰਡਰ ਅਤੇ ਤੀਜੀ ਹਰਿਆਣਾ ਦੇ ਸ਼ਾਹਾਬਾਦ-ਕੁਰੂਕਸ਼ੇਤਰ ਇਲਾਕੇ ਦੀ ਮਿਲੀ, ਫਿਰ ਉਸ ਦਾ ਫੋਨ ਬੰਦ ਹੋ ਗਿਆ ਸੀ।

Share