ਲਾਪਤਾ ਹੋਈ ਔਰਤ ਦੀ ਲਾਸ਼ 15 ਫੁੱਟ ਚਿੱਕੜ ਹੇਠਾਂ ਦੱਬੀ ਹੋਈ ਮਿਲੀ

484
Share

ਫਰਿਜ਼ਨੋ, 25 ਜਨਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਓਰੇਗਨ ’ਚ ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਹੋਈ ਔਰਤ ਦੀ ਲਾਸ਼ ਚਿੱਕੜ ਅਤੇ ਚੱਟਾਨਾਂ ਦੇ ਮਲਬੇ ਹੇਠ 15 ਫੁੱਟ ਦੇ ਕਰੀਬ ਦੱਬੀ ਹੋਈ ਮਿਲੀ ਹੈ। ਮਲਟਨੋਮਾਹ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਜੈਨੀਫਰ ਮੂਰ (50) ਨਾਮ ਦੀ ਔਰਤ ਨਾਲ ਇਹ ਘਟਨਾ 13 ਜਨਵਰੀ ਨੂੰ ਸਵੇਰੇ ਕਰੀਬ 1:15 ਵਜੇ ਡੋਡਸਨ ਵਿਖੇ ਕਾਰ ਚਲਾਉਣ ਦੌਰਾਨ ਸੜਕ ਤੋਂ ਪਾਸੇ ਚਿੱਕੜ ਵਿਚ ਕਾਰ ਸਮੇਤ ਡਿੱਗਣ ਨਾਲ ਵਾਪਰੀ। ਇਸ ਘਟਨਾ ਦੇ ਕਈ ਦਿਨਾਂ ਬਾਅਦ ਜਾਂਚ ਕਰਤਾਵਾਂ ਨੇ ਚਿੱਕੜ ਵਾਲੇ ਮਲਬੇ ਦੇ ਵਹਾਅ ਵਿਚ ਇੱਕ ਖੇਤਰ ਦੀ ਪਛਾਣ ਕੀਤੀ, ਜਿੱਥੇ ਕਿ ਮੂਰ ਦੀ ਗੱਡੀ ਜਾ ਸਕਦੀ ਸੀ। ਇਸਦੇ ਬਾਅਦ ਅਧਿਕਾਰੀਆਂ ਨੇ ਮਲਬਾ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਪੁਲਿਸ ਅਨੁਸਾਰ ਮੂਰ ਜੋ ਕਿ ਵਰੇਂਡੇਲ, ਓਰੇਗਨ ਤੋਂ ਇੱਕ ਰਜਿਸਟਰਡ ਨਰਸ ਸੀ, ਦਾ ਪਤਾ ਲਗਾਉਣ ਲਈ ਭਾਰੀ ਮਸ਼ੀਨਰੀ ਦੀ ਵਰਤੋਂ ਕਰਨੀ ਪਈ, ਜਿਸ ਵਿਚ ਫਰੰਟ ਲੋਡਰ ਅਤੇ ਡੰਪ ਟਰੱਕ ਸ਼ਾਮਲ ਸਨ। ਅਖੀਰ ਵਿਚ ਅਧਿਕਾਰੀਆਂ ਅਨੁਸਾਰ ਮੂਰ ਦੀ ਕਾਰ ਤਕਰੀਬਨ 15 ਫੁੱਟ ਇਸ ਚਿੱਕੜ, ਚੱਟਾਨਾਂ ਭਰੇ ਮਲਬੇ ਹੇਠ ਦੱਬੀ ਹੋਈ ਮਿਲੀ। ਇਸ ਕਾਰਵਾਈ ਦੌਰਾਨ ਇੱਕ ਪ੍ਰਾਈਵੇਟ ਠੇਕੇਦਾਰ ਨੇ ਕਾਰ ਦੀ ਸਹੀ ਸਥਿਤੀ ਦਾ ਪਤਾ ਕਰਨ ਲਈ ਇੱਕ ਤਾਕਤਵਰ ਮੈਟਲ ਡਿਟੈਕਟਰ ਦੀ ਵਰਤੋਂ ਕੀਤੀ। ਅਧਿਕਾਰੀਆਂ ਅਨੁਸਾਰ ਕਿਸੇ ਨੂੰ ਵੀ ਮੂਰ ਨਾਲ ਇੰਨਾ ਭਿਆਨਕ ਹਾਦਸਾ ਵਾਪਰਣ ਦੀ ਉਮੀਦ ਨਹੀਂ ਸੀ ਪਰ ਉਸਦੀ ਲਾਸ਼ ਦੇ ਮਿਲਣ ਨਾਲ ਉਸਦੇ ਲਾਪਤਾ ਹੋਣ ਦੀ ਤਲਾਸ਼ ਖਤਮ ਹੋ ਗਈ ਹੈ।

Share