ਲਾਪਤਾ ਪਾਵਨ ਸਰੂਪ ਮਾਮਲਾ; ਸਾਬਕਾ ਸੁਪਰਵਾਈਜ਼ਰ ਵੱਲੋਂ 80 ਪਾਵਨ ਸਰੂਪ ਨੁਕਸਾਨੇ ਜਾਣ ਦਾ ਮੁੜ ਦਾਅਵਾ

636

ਅੰਮ੍ਰਿਤਸਰ, 17 ਸਤੰਬਰ (ਪੰਜਾਬ ਮੇਲ)-ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਪੜਤਾਲ ਕਮੇਟੀ ਵੱਲੋਂ ਦੋਸ਼ੀ ਠਹਿਰਾਏ ਗਏ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵਿਚ ਸ਼ਾਮਿਲ ਪਬਲੀਕੇਸ਼ਨ ਵਿਭਾਗ ਦੇ ਸੁਪਰਵਾਈਜ਼ਰ (ਹੁਣ ਸਾਬਕਾ) ਨੇ ਮੁੜ ਦਾਅਵਾ ਕੀਤਾ ਹੈ ਕਿ 19 ਮਈ 2016 ਨੂੰ ਗੁ: ਸ੍ਰੀ ਰਾਮਸਰ ਸਾਹਿਬ ਵਿਖੇ ਅਚਾਨਕ ਅੱਗ ਲੱਗਣ ਕਾਰਨ 80 ਪਾਵਨ ਸਰੂਪ ਹੀ ਨੁਕਸਾਨੇ ਗਏ ਸਨ। ਕਾਫ਼ੀ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਸਾਬਕਾ ਸੁਪਰਵਾਈਜ਼ਰ ਕੰਵਲਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਸੀਨੀਅਰ ਆਗੂ ਭਾਈ ਮੋਹਕਮ ਸਿੰਘ ਅਤੇ ਫੈਡਰੇਸ਼ਨ ਆਗੂ ਮਨਜੀਤ ਸਿੰਘ ਭੋਮਾ, ਸਤਨਾਮ ਸਿੰਘ ਮਨਾਵਾਂ ਤੇ ਹੋਰ ਆਗੂਆਂ ਨੂੰ ਆਪਣੀ ਹੱਡ ਬੀਤੀ ਸੁਣਾਉਣ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਗਿਆ ਸੀ ਕਿ ਅੱਗ ਲੱਗਣ ਤੇ ਪਾਣੀ ਨਾਲ 14 ਸਰੂਪ ਨੁਕਸਾਨੇ ਗਏ ਸਨ, ਜਦੋਂ ਕਿ ਹੁਣ ਆਫ਼ਿਸ ਨੋਟ ਵਿਚ ਸਾਹਮਣੇ ਆ ਗਿਆ ਹੈ ਕਿ ਇਨ੍ਹਾਂ ਨੁਕਸਾਨੇ ਸਰੂਪਾਂ ਦੀ ਗਿਣਤੀ 80 ਸੀ। ਉਸ ਕਿਹਾ ਕਿ ਜਦੋਂ ਅੱਗ ਲੱਗਣ ਦੀ ਘਟਨਾ ਵਾਪਰੀ ਸੀ ਤਾਂ ਉੱਚ ਅਧਿਕਾਰੀ ਉੱਪਰ ਗਏ ਹਨ ਤੇ ਸਾਨੂੰ ਉਸ ਵੇਲੇ ਅੱਗ ਲੱਗਣ ਵਾਲੇ ਸਥਾਨ ‘ਤੇ ਕਾਫ਼ੀ ਸਮਾਂ ਬਾਅਦ ‘ਚ ਜਾਣ ਦਿੱਤਾ ਗਿਆ ਸੀ। ਮੇਰੇ ਡਿਊਟੀ ਸਮੇਂ ਦੌਰਾਨ ਜੋ ਪਾਵਨ ਸਰੂਪ ਘੱਟ ਪਾਏ ਗਏ ਹਨ ਉਹ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ, ਜਿਨ੍ਹਾਂ ਵਿਚ ਚੀਫ਼ ਸਕੱਤਰ ਡਾ. ਰੂਪ ਸਿੰਘ, ਸਕੱਤਰ ਮਨਜੀਤ ਸਿੰਘ, ਪ੍ਰਧਾਨ ਦੇ ਨਿੱਜੀ ਸਹਾਇਕ ਮਹਿੰਦਰ ਸਿੰਘ ਆਹਲੀ, ਗੁਰਬਚਨ ਸਿੰਘ ਮੀਤ ਸਕੱਤਰ ਪਬਲੀਕੇਸ਼ਨ ਦੀਆਂ ਸਿਫ਼ਾਰਸ਼ਾਂ ‘ਤੇ ਭੇਜੇ ਜਾਂਦੇ ਰਹੇ। ਉਸ ਨੇ ਮੰਗ ਕੀਤੀ ਕਿ ਇਨ੍ਹਾਂ ਅਧਿਕਾਰੀਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਪਾਵਨ ਸਰੂਪ ਕਿੱਥੇ-ਕਿੱਥੇ ਭੇਜੇ ਗਏ।